Definition
ਕਹਲੂਰ ਰਿਆਸਤ ਦੀ ਰਾਜਧਾਨੀ. ਇਹ ਨਗਰ ਸਤਲੁਜ ਦੇ ਖੱਬੇ ਕਿਨਾਰੇ, ਸਮੁੰਦਰ ਤੋਂ ੧੪੬੮ ਫੁਟ ਦੀ ਉਚਾਈ ਪੁਰ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਸਮੇਂ ਇਸ ਦਾ ਰਾਜਾ ਭੀਮਚੰਦ ਸੀ. ਪਹਿਲਾਂ ਜਦ ਉਹ ਗੁਰੂ ਸਾਹਿਬ ਨਾਲ ਪ੍ਰੇਮ ਰਖਦਾ ਸੀ. ਤਦ ਦਸ਼ਮੇਸ਼ ਨੂੰ ਬਿਲਾਸਪੁਰ ਲਿਆਇਆ ਅਰ ਮਹਿਲਾਂ ਵਿੱਚ ਡੇਰਾ ਕਰਵਾਇਆ, ਜਿੱਥੇ ਹੁਣ ਗੁਰਦ੍ਵਾਰਾ ਹੈ. ਰਿਆਸਤ ਵੱਲੋਂ ਮੰਜੀਸਾਹਿਬ ਦੀ ਸੇਵਾ ਬ੍ਰਾਹਮਣ ਕਰਦੇ ਹਨ. ਰੇਲਵੇ ਸਟੇਸ਼ਨ ਗੜ੍ਹਸ਼ੰਕਰ ਅਥਵਾ ਨਵਾਂਸ਼ਹਰ ਤੋਂ ਕਰੀਬ ੬੦ ਮੀਲ ਹੈ ਅਤੇ ਰੋਪੜ ਤੋਂ ੩੦ ਮੀਲ ਹੈ. ਬਿਲਾਸਪੁਰ ਰਿਆਸਤ ਬੀਰਚੰਦ ਰਾਜਪੂਤ ਨੇ ਕਾਇਮ ਕੀਤੀ ਹੈ. ਰਿਆਸਤ ਦਾ ਰਕਬਾ ੪੪੮ ਵਰਗਮੀਲ ਅਤੇ ਆਬਾਦੀ ੯੮੦੦੦ ਹੈ. ਪੰਜਾਬ ਵਿੱਚ ਰਿਆਸਤ ਦਾ ਨੰਬਰ ਅੱਠਵਾਂ ਹੈ. ਸਨ ੧੯੨੧ ਤੋਂ ਬਿਲਾਸਪੁਰ ਦਾ ਨੀਤਿਸੰਬੰਧ ਸਰਕਾਰ ਨਾਲ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਰ ਬਿਜੈਚੰਦ ਹੈ. ਸਲਾਮੀ ੧੧. ਤੋਪਾਂ ਦੀ ਹੈ.
Source: Mahankosh