ਬਿਹਾਰਬ੍ਰਿੰਦਾਬਨ
bihaarabrinthaabana/bihārabrindhābana

Definition

ਆਗਰੇ ਵਿੱਚ ਮਹਾਮਾਈ ਦੀ ਕੁੱਖ ਤੋਂ ਸਨ ੧੮੨੫ ਵਿੱਚ ਦਲਵਾਲੀ ਸਿੰਘ ਖਤ੍ਰੀ ਦੇ ਇੱਕ ਬੇਟਾ ਹੋਇਆ, ਜਿਸ ਦਾ ਨਾਉਂ ਬਿਹਾਰਬਿੰਦ੍ਰਾਬਨ ਰੱਖਿਆ. ਇਸ ਨੇ ਸੰਤ ਕਾਨ੍ਹਸਿੰਘ ਜੀ ਨਿਰਮਲੇ ਤੋਂ ਵਿਦ੍ਯਾ ਪੜ੍ਹੀ ਅਤੇ ਅਮੀਰਚੰਦ ਵੇਦੀ ਤੋਂ ਵਾਹਗੁਰੂ ਮੰਤ੍ਰ ਲੈਕੇ ਨਾਮ ਅਭ੍ਯਾਸ ਕੀਤਾ. ਇਸ ਦੀ ਸੰਪ੍ਰਦਾਯ ਦੇ ਸਾਧੂ "ਬਿਹਾਰਬ੍ਰਿੰਦਾਬਨੀ ਨਾਨਕਸ਼ਾਹੀ." ਪ੍ਰਸਿੱਧ ਹੋਏ. ਇਨ੍ਹਾਂ ਵਿੱਚ ਚੋਲਾ ਕਰਨ ਸਮੇਂ ਦੀ ਰੀਤਿ ਹੈ ਕਿ ਗੁਰੂ ਆਪਣੇ ਪੈਰ ਦਾ ਅੰਗੂਠਾ ਧੋਕੇ ਜਲ ਵਿੱਚ ਮਿੱਠਾ ਮਿਲਾ ਸਤਿਨਾਮ ਮੰਤ੍ਰ ਪੜ੍ਹਕੇ ਪਿਆਉਂਦਾ ਹੈ. ਵਸਤ੍ਰ ਪੀਲੇ ਪਹਿਰਾਏ ਜਾਂਦੇ ਹਨ. ਕੋਈ ਕੇਸ ਰਖਦਾ ਹੈ ਕੋਈ ਮੁੰਡਨ ਕਰਾਉਂਦਾ ਹੈ. ਬਿਹਾਰਬ੍ਰਿੰਦਾਬਨ ਦਾ ਦੇਹਾਂਤ ਅਯੋਧ੍ਯਾ ਸਨ ੧੮੭੬ ਵਿੱਚ ਹੋਇਆ. ਇਹ ਰਾਧਾਸ੍ਵਾਮੀ ਮਤ ਦੇ ਪ੍ਰਚਾਰਕ ਸ਼ਿਵਦਯਾਲ ਦਾ ਛੋਟਾ ਭਾਈ ਸੀ. ਇਸ ਦੇ ਚੇਲੇ ਬਾਵਾ ਅਟਲ ਸਿੰਘ ਨੇ ਇਸ ਮਤ ਦਾ ਬਹੁਤ ਪ੍ਰਚਾਰ ਕੀਤਾ. ਬਿਹਾਰਬ੍ਰਿੰਦਾਬਨੀਆਂ ਦੇ ਡੇਰੇ ਅਯੋਧ੍ਯਾ ਫੈਜਾਬਾਦ ਅਤੇ ਨਿਵਾਦਾ (ਜਿਲਾ ਬਸਤੀ) ਵਿੱਚ ਹਨ. ਇਨ੍ਹਾਂ ਦੀ ਕੁਝ ਰਹੁ ਰੀਤਿ ਨਿਰਮਲੇ ਸੰਤਾਂ ਨਾਲ ਮਿਲਦੀ ਹੈ, ਪਰ ਇਸ ਮਤ ਦਾ ਹੁਣ ਬਹੁਤ ਘੱਟ ਪ੍ਰਚਾਰ ਹੈ।#੨. ਬਿਹਾਰਬ੍ਰਿੰਦਾਬਨ ਦਾ ਲਿਖਿਆ ਗ੍ਰੰਥ, ਜੋ ਬਿਹਾਰ ਬ੍ਰਿੰਦਾਬਨੀਆਂ ਦਾ ਧਰਮਪੁਸ੍ਤਕ ਹੈ.
Source: Mahankosh