Definition
ਮਾਤਾ ਦਾਮੋਦਰੀ ਜੀ ਦੇ ਉਦਰ ਤੋਂ ਗੁਰੂ ਹਰਿਗੋਬਿੰਦ ਸਾਹਿਬ ਦੀ ਸੁਪੁਤ੍ਰੀ, ਜਿਸ ਦਾ ਜਨਮ ਸੰਮਤ ੧੬੭੨ ਵਿੱਚ ਸ਼੍ਰੀ ਅਮ੍ਰਿਤਸਰ ਹੋਇਆ. ਇਸ ਦਾ ਵਿਆਹ ਝਬਾਲ ਪਿੰਡ ਵਿੱਚ ਮੱਲੇ ਨਿਵਾਸੀ ਧਰਮੇ ਖੋਸਲੇ ਖਤ੍ਰੀ ਦੇ ਸੁਪੁਤ੍ਰ ਸਾਧੂ ਜੀ ਨਾਲ ੨੬ ਜੇਠ ਸੰਮਤ ੧੬੮੬ ਨੂੰ ਹੋਇਆ. ਭਾਈ ਸੰਤੋਖਸਿੰਘ ਨੇ ਭੁੱਲ ਨਾਲ ੧੬੭੯ ਲਿਖਿਆ ਹੈ, ਯਥਾ-#ਜੇਸ੍ਟ ਕੀ ਛਬੀਸਵੀਂ ਮਾਂਹਿ, ×××#ਸੰਮਤ ਸੋਰਹਿ ਸਹਿਸ ਉਨਾਸੀ,#ਸੁਤਾ ਬ੍ਯਾਹ ਕਿ੍ਯ ਗੁਰੁ ਅਬਿਨਾਸੀ.#(ਗੁਪ੍ਰਸੂ ਰਾਸਿ ੬, ਅਃ ੧੮)#ਸੰਮਤ ੧੬੭੯ ਵਿੱਚ ਜਹਾਂਗੀਰ ਰਾਜ ਕਰਦਾ ਸੀ, ਜਿਸ ਨਾਲ ਕੋਈ ਜੰਗ ਨਹੀਂ ਹੋਇਆ. ਬਾਦਸ਼ਾਹ ਸ਼ਾਹਜਹਾਂ ਸੰਮਤ ੧੬੮੫ ਵਿੱਚ ਤਖਤ ਉੱਤੇ ਬੈਠਾ, ਉਸੇ ਦੇ ਬਾਜ ਪਿੱਛੇ ਝਗੜਾ ਹੋਣ ਕਰਕੇ ਅਮ੍ਰਿਤਸਰ ਦਾ ਜੰਗ ਸੰਮਤ ੧੬੮੬ ਵਿੱਚ ਹੋਇਆ ਸੀ ਅਤੇ ਜੰਗ ਸਮਾਪਤ ਕਰਕੇ ਝਬਾਲ ਦੇ ਮਕਾਮ ਬੀਬੀ ਜੀ ਦਾ ਵਿਆਹ ਕੀਤਾ ਗਿਆ ਸੀ.#ਬੀਬੀ ਜੀ ਦੇ ਸਰਵਗੁਣ ਭਰਪੂਰ ਧਰਮਵੀਰ ਪੰਜ ਪੁਤ੍ਰ (ਸੰਗੋਸ਼ਾਹ, ਗੁਲਾਬਚੰਦ, ਜੀਤਮੱਲ, ਗੰਗਾ ਰਾਮ ਅਤੇ ਮਾਹਰੀਚੰਦ) ਸਨ. ਜਿਨ੍ਹਾਂ ਨੇ ਭੰਗਾਣੀ ਦੇ ਯੁੱਧ ਵਿੱਚ ਵਡੀ ਵੀਰਤਾ ਦਿਖਾਈ. ਦੇਖੋ, ਵਿਚਿਤ੍ਰ ਨਾਟਕ ਅਃ ੮, ਛੰਦ ੪- ੫. ਇਸ ਜੰਗ ਵਿੱਚ ਸੰਗੋਸ਼ਾਹ ਅਤੇ ਜੀਤਮੱਲ ਜੀ ਸ਼ਹੀਦ ਹੋਏ. ਦੇਖੋ, ਭੰਗਾਣੀ.
Source: Mahankosh