Definition
ਜਿਲਾ ਅਮ੍ਰਿਤਸਰ, ਤਸੀਲ ਅਤੇ ਥਾਣਾ ਤਰਨਤਾਰਨ, ਇਲਾਕਾ ਚੁਭਾਲ (ਝਬਾਲ) ਪਿੰਡ "ਠੱਟਾ" ਅਥਵਾ ਠੱਠਾ ਤੋਂ ਪੱਛਮ ਦਿਸ਼ਾ ਇੱਕ ਮੀਲ ਦੇ ਕਰੀਬ ਬਾਬਾ ਬੁੱਢਾ ਜੀ ਦਾ ਅਸਥਾਨ ਹੈ. ਇਸ ਬੀੜ ਦਾ ਪਹਿਲਾਂ ਬਹੁਤ ਰਕਬਾ ਸੀ. ਅੰਗ੍ਰੇਜ਼ੀ ਅਮਲਦਾਰੀ ਹੋਣ ਤੋਂ ਬਾਦ ਇਹ ਰਕਬਾ ਘਟਕੇ ੬੬੭ ਕਨਾਲ ਰਹ ਗਿਆ ਹੈ. ਇਹ ਬੀੜ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਅਰਪਿਆ ਸੀ,¹ ਜੋ ਬਾਬਾ ਬੁੱਢਾ ਜੀ ਦੇ ਸਪੁਰਦ ਕੀਤਾ ਗਿਆ, ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਇਸ ਗੁਰੂ ਕੇ ਬੀੜ ਵਿੱਚ ਹੀ ਵਿਤੀਤ ਕੀਤਾ.#ਗੁਰੂ ਅਰਜਨਦੇਵ ਜੀ ਨੇ ਭੀ ਇੱਥੇ ਚਰਨ ਪਾਏ. ਅਰ ਮਾਤਾ ਗੰਗਾ ਜੀ ਨੂੰ ਭੀ ਇੱਥੇ ਹੀ ਵਰ ਪ੍ਰਾਪਤ ਹੋਇਆ, ਜਿਸ ਤੋਂ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਪ੍ਰਗਟੇ. ਪਹਿਲਾਂ ਇਸ ਗੁਰਦ੍ਵਾਰੇ ਦੀ ਹਾਲਤ ਢਿੱਲੀ ਸੀ, ਹੁਣ ਇੱਕ ਕਮੇਟੀ ਦੇ ਹੱਥ ਇੰਤਜਾਮ ਹੈ. ੨੧. ਅੱਸੂ ਨੂੰ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਤਰਨਤਾਰਨ ਤੋਂ ਦਸ ਮੀਲ ਪੱਛਮ ਅਤੇ ਖਾਸੇ ਤੋਂ ਛੀ ਮੀਲ ਦੱਖਣ ਹੈ.
Source: Mahankosh