ਬੈਹੜਵਾਲ
baiharhavaala/baiharhavāla

Definition

ਜਿਸਾ ਲਹੌਰ, ਤਸੀਲ ਚੂਣੀਆਂ ਥਾਣਾ ਸਰਾਂਮੁਗਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਛਾਂਗਾ ਮਾਂਗਾ" ਤੋਂ ਛੀ ਮੀਲ ਉੱਤਰ ਪੱਛਮ ਹੈ. ਇਸ ਪਿੰਡ ਦੇ ਪਾਸ ਹੀ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ "ਜੰਭਰ" ਤੋਂ ਇੱਥੇ ਆਏ ਹਨ.#ਗਰਮੀ ਦਾ ਮੌਸਮ ਸੀ ਗੁਰੂ ਸਾਹਿਬ ਨੇ ਇੱਥੋਂ ਦੇ ਹੇਮੇ ਚੌਧਰੀ ਤੋਂ ਜਲ ਛਕਣ ਲਈ ਮੰਗਿਆ. ਚੌਧਰੀ ਨੇ ਆਖਿਆ ਪਾਤਸ਼ਾਹ! ਇਹ ਜਲ ਤਾਂ ਖਾਰਾ ਹੈ, ਮੈ ਪਿੰਡ ਤੋਂ ਜਾਕੇ ਮਿੱਠਾ ਜਲ ਲਿਆਉਂਦਾ ਹਾਂ, ਤਾਂ ਗੁਰੂ ਜੀ ਨੇ ਬਚਨ ਕੀਤਾ, ਭਾਈ ਹੇਮਾ! ਇਹ ਜਲ ਮਿੱਠਾ ਹੈ. ਗੁਰੂ ਜੀ ਦਾ ਬਚਨ ਮੰਨਕੇ ਉਸੇ ਖੂਹ ਦਾ ਜਲ ਲੈ ਆਂਦਾ, ਜੋ ਗੁਰਾਂ ਨੇ ਪੀਤਾ. ਇਸ ਪਿੱਛੋਂ ਜਦ ਹੇਮੇ ਅਤੇ ਪਿੰਡ ਦੇ ਲੋਕਾਂ ਨੇ ਜਲ ਪੀਤਾ, ਤਾਂ ਮਿੱਠਾ ਜਲ ਹੋਣ ਤੋਂ ਸਾਰੇ ਆਨੰਦ ਹੋ ਗਏ. ਚੌਧਰੀ ਹੋਮੇ ਨੂੰ ਗੁਰੂ ਜੀ ਨੇ ਫਰਮਾਯਾ ਕਿ ਤੂੰ ਸਾਧੁ ਸੰਗਤਿ ਦੀ ਸੇਵਾ ਕੀਤਾ ਕਰ. ਤਦ ਚੌਧਰੀ ਨੇ ਹੱਥ ਜੋੜਕੇ ਬੇਨਤੀ ਕੀਤੀ ਕਿ ਮੇਰੇ ਪਾਸ ਨਾ ਧਨ ਹੈ ਅਤੇ ਨਾ ਹੀ ਮੇਰੇ ਘਰ ਔਰਤ ਹੈ. ਤਦ ਸਤਿਗੁਰਾਂ ਪੁੱਛਿਆ ਕਿ ਇਸ ਪਿੰਡ ਵਿੱਚ ਕੋਈ ਵਿਧਵਾ ਇਸਤ੍ਰੀ ਹੈ? ਤਾਂ ਸੰਗਤਿ ਨੇ ਪਿੰਡ ਦੀ ਇੱਕ ਵਿਧਵਾ ਨੂੰ ਗੁਰੂ ਜੀ ਦੇ ਪੇਸ਼ ਕੀਤਾ. ਗੁਰੂ ਜੀ ਨੇ ਹੁਕਮ ਦਿੱਤਾ ਕਿ ਹੇ ਪੁਤ੍ਰੀ! ਚੌਧਰੀ ਹੇਮਾ ਤੇਰਾ ਸਿਰਤਾਜ ਹੈ, ਤੂੰ ਇਸ ਨੂੰ ਪਤੀ ਧਾਰਨ ਕਰ. ਗੁਰੂ ਸਾਹਿਬ ਦੀ ਆਗ੍ਯਾ ਮੰਨਕੇ ਉਸ ਨੇ ਹੇਮੇ ਨੂੰ ਪਤੀ ਬਣਾਇਆ ਅਰ ਗੁਰੂ ਸਾਹਿਬ ਨੇ ਉਸ ਨੂੰ ਵਰਦਾਨ ਦਿੱਤਾ, ਜਿਸ ਤੋਂ ਉਸ ਦੇ ਘਰ ਸੰਪਦਾ ਹੋਈ.#ਹੁਣ ਇੱਥੇ ਗੁਰਦ੍ਵਾਰਾ ਬਣ ਰਿਹਾ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਅਤੇ ਦੋ ਵੇਲੇ ਕੀਰਤਨ ਹੁੰਦਾ ਹੈ. ਮਾਈ ਭਾਈ ਇਕੱਠੇ ਹੋਕੇ ਸਤਿਸੰਗ ਕਰਦੇ ਹਨ. ਪੁਜਾਰੀ ਸਿੰਘ ਹੈ. ੩੯ ਘੁਮਾਉਂ ਜ਼ਮੀਨ ਮਾਈ ਬਿਸਨਕੌਰ ਵੱਲੋਂ, ਸਾਢੇ ਤਿੰਨ ਘੁਮਾਉਂ ਇੱਕ ਹੋਰ ਪ੍ਰੇਮੀ ਵੱਲੋਂ ਹੈ. ਪੋਹ ਸੁਦੀ ਸੰਤਮੀ ਨੂੰ ਮੇਲਾ ਹੁੰਦਾ ਹੈ.
Source: Mahankosh