Definition
ਬੰਗਾਲੀ ਬ੍ਰਾਹਮਣ ਰਾਜਾ ਰਾਮਮੋਹਨਰਾਇ ਦਾ ੨੦. ਅਗਸਤ ਸਨ ੧੮੨੮ ਨੂੰ ਕਾਇਮ ਕੀਤਾ ਇੱਕ ਮਤ, ਜਿਸ ਨੂੰ ਵੈਦ੍ਯਕੁਲ ਦੇ ਰਤਨ ਕੇਸ਼ਵਚੰਦ੍ਰਸੇਨ ਨੇ ਭਾਰੀ ਤਰੱਕੀ ਦਿੱਤੀ.¹ ਬ੍ਰਹਮਸਮਾਜ ਦੇ ਨਿਯਮ ਇਹ ਹਨ-#(੧) ਪਰਮੇਸ਼੍ਵਰ ਇੱਕ ਹੈ. ਉਸ ਦੇ ਤੁਲ੍ਯ ਕੋਈ ਨਹੀਂ. ਉਹੀ ਸਾਰੇ ਸੰਸਾਰ ਨੂੰ ਰਚਣ ਅਤੇ ਕ਼ਾਇਮ ਰੱਖਣ ਵਾਲਾ ਹੈ. ਉਹ ਸਰਵਸ਼ਕ੍ਤਿਮਾਨ, ਸਰਵਗ੍ਯ, ਸਰਵਪ੍ਰਿਯ, ਨ੍ਯਾਯਕਾਰੀ, ਸਰਵਵ੍ਯਾਪੀ, ਸੱਚੇ ਆਨੰਦ ਅਤੇ ਮੁਕ੍ਤਿ ਦਾ ਦਾਤਾ ਹੈ.#(੨) ਜੀਵ ਅਵਿਨਾਸ਼ੀ ਅਤੇ ਬੇਅੰਤ ਉੱਨਤਿ ਕਰਨ ਯੋਗ੍ਯ ਹੈ, ਅਤੇ ਆਪਣੇ ਕਰਮ ਦਾ ਈਸ਼੍ਵਰ ਅੱਗੇ ਉੱਤਰਦਾਤਾ ਹੈ.#(੩) ਕਿਸੇ ਰਚੇ ਹੋਏ ਪਦਾਰਥ ਨੂੰ ਕਰਤਾਰ ਜਾਣਕੇ ਪੂਜਣਾ ਯੋਗ ਨਹੀਂ ਕੋਈ ਗ੍ਰੰਥ ਅਤੇ ਪੁਰਖ ਭੁੱਲ ਤੋਂ ਬਿਨਾ ਨਹੀਂ ਅਰ ਇਹ ਜੀਵ ਦੀ ਮੁਕ੍ਤਿ ਦਾ ਪੂਰਾ ਵਸੀਲਾ ਨਹੀਂ ਹੋ ਸਕਦੇ. ਬ੍ਰਾਹ੍ਮਲੋਕਾਂ ਲਈ ਰਾਸ੍ਤੀ ਹੀ ਇਲਾਹੀ ਕਲਾਮ ਹੈ. ਹਰ ਕੌਮ ਦੇ ਧਰਮਗ੍ਰੰਥ ਅਤੇ ਬਜ਼ੁਰਗਾਂ ਦੇ ਬਚਨਾਂ ਵਿੱਚੋਂ ਰਾਸ੍ਤੀ ਦੀ ਇੱਜ਼ਤ ਅਤੇ ਉਨ੍ਹਾਂ ਦਾ ਆਦਰ ਨਾਲ ਅੰਗੀਕਾਰ ਕਰਨਾ ਯੋਗ੍ਯ ਹੈ.#(੪) ਈਸ਼੍ਵਰ ਸਭ ਦਾ ਪਿਤਾ ਅਤੇ ਸਾਰੇ ਪੁਰਖ ਪਰਸਪਰ ਭੈਣ ਭਾਈ ਤੁਲ੍ਯ ਹਨ.#(੫) ਪਰਮੇਸ਼੍ਵਰ ਨੇਕੀ ਦਾ ਸ਼ੁਭ ਫਲ ਅਤੇ ਕੁਕਰਮਾਂ ਦਾ ਦੰਡ ਦਿੰਦਾ ਹੈ, ਪਰ ਉਹ ਦੰਡ ਸਾਡੀ ਭਲਿਆਈ ਵਾਸਤੇ ਹੁੰਦਾ ਹੈ, ਅਰ ਸਦਾ ਲਈ ਨਹੀਂ ਹੁੰਦਾ.#(੬) ਪਾਪ ਭਰੇ ਜੀਵਨ ਦਾ ਤ੍ਯਾਗ ਅਤੇ ਸੱਚੇ ਦਿੱਲੋਂ ਕੁਕਰਮ ਛੱਡਣ ਦੀ ਪ੍ਰਤਿਗ੍ਯਾ ਹੀ ਗੁਨਾਹਾਂ ਦਾ ਪ੍ਰਾਯਸ਼ਚਿੱਤ ਹੈ ਅਰ ਨੇਕੀ ਤਥਾ ਪਵਿਤ੍ਰਤਾ ਦ੍ਵਾਰਾ ਈਸ਼੍ਵਰ ਦੀ ਇੱਛਾ ਨਾਲ ਇੱਕ ਹੋ ਜਾਣਾ ਹੀ ਸੱਚੀ ਮੁਕਤੀ ਹੈ.
Source: Mahankosh