Definition
ਜੰਮੂ ਅੰਤਰਗਤ ਪੁਣਛ ਰਾਜ ਦੇ ਰਾਜੌਰੀ¹ ਪਿੰਡ ਵਿੱਚ (ਜੋ ਹੁਣ ਤਸੀਲ ਅਸਥਾਨ ਹੈ) ਰਾਮਦੇਵ ਰਾਜਪੂਤ ਦੇ ਘਰ ਇਸ ਧਰਮਵੀਰ ਦਾ ਜਨਮ ਕੱਤਕ ਸੁਦੀ ੧੩. ਸੰਮਤ ੧੭੨੭ ਨੂੰ ਹੋਇਆ. ਮਾਤਾ ਪਿਤਾ ਨੇ ਇਸ ਦਾ ਨਾਮ ਲਛਮਨਦੇਵ ਰੱਖਿਆ. ਲਛਮਨਦੇਵ ਨੂੰ ਸ਼ਸਤ੍ਰਵਿਦ੍ਯਾ ਅਤੇ ਸ਼ਿਕਾਰ ਦਾ ਵਡਾ ਸ਼ੌਕ ਸੀ. ਇੱਕ ਦਿਨ ਗਰਭਵਤੀ ਮ੍ਰਿਗੀ ਮਾਰਨ ਪੁਰ ਅਜੇਹਾ ਵਿਰਾਗ ਹੋਇਆ ਕਿ ਸ਼ਸਤ੍ਰ ਤਿਆਗਕੇ ਵੈਸਨਵ ਜਾਨਕੀਪ੍ਰਸਾਦ ਸਾਧੁ ਦਾ ਚੇਲਾ ਹੋ ਗਿਆ ਅਰ ਨਾਮ ਮਾਧੋਦਾਸ ਰਖਾਇਆ. ਘਰ ਬਾਰ ਤਿਆਗਕੇ ਸਮ ਦਮ ਸਾਧਨ ਕਰਦਾ ਹੋਇਆ ਕਰਨੀ ਦੇ ਪ੍ਰਭਾਵ ਸਿੱਧ ਪੁਰਖ ਬਣ ਗਿਆ.#ਦੇਸ਼ਾਟਨ ਕਰਦਾ ਜਦ ਇਹ ਦੱਖਣ ਵਿੱਚ ਗੋਦਾਵਰੀ ਦੇ ਕਿਨਾਰੇ ਪੁੱਜਾ, ਤਦ ਇਸ ਨੂੰ ਉਹ ਅਸਥਾਨ ਬਹੁਤ ਪਸੰਦ ਆਇਆ ਅਰ ਆਪਣਾ ਆਸ਼੍ਰਮ ਬਣਾਕੇ ਰਹਿਣ ਲੱਗਾ. ਸੰਮਤ ੧੭੬੫ ਵਿੱਚ ਜਦ ਦਸ਼ਮੇਸ਼ ਨਾਦੇੜ ਪਹੁਚੇ, ਤਦ ਉਨ੍ਹਾਂ ਦੇ ਦਰਸ਼ਨ ਅਤੇ ਉਪਦੇਸ਼ ਦਾ ਇਸ ਪੁਰ ਅਜੇਹਾ ਅਸਰ ਹੋਇਆ ਕਿ ਮਾਧੋਦਾਸ ਚਰਨਾਂ ਤੇ ਢਹਿ ਪਿਆ ਅਰ ਆਪਣੇ ਤਾਈਂ ਸਤਿਗੁਰੂ ਦਾ ਬੰਦਾ ਕਹਿਕੇ ਸਿੱਖ ਬਣਿਆ. ਕਲਗੀਧਰ ਨੇ ਇਸ ਨੂੰ ਅਮ੍ਰਿਤ ਛਕਾਕੇ ਨਾਉਂ ਗੁਰਬਖਸ਼ਸਿੰਘ ਰੱਖਿਆ, ਪਰ ਪੰਥ ਵਿੱਚ ਪ੍ਰਸਿੱਧ ਨਾਮ "ਬੰਦਾ" ਹੀ ਰਿਹਾ.#ਅਨ੍ਯਾਈ ਪਾਪੀਆਂ ਨੂੰ ਨੀਚ ਕਰਮਾਂ ਦਾ ਫਲ ਭੁਗਾਉਣ ਲਈ ਗੁਰੂ ਸਾਹਿਬ ਨੇ ਪੰਜ ਸਿੰਘ (ਬਾਬਾ ਬਿਨੋਦਸਿੰਘ, ਕਾਨ੍ਹਸਿੰਘ, ਬਾਜਸਿੰਘ, ਬਿਜੈਸਿੰਘ, ਰਾਮਸਿੰਘ) ਨਾਲ ਦੇਕੇ ਬੰਦੇ ਨੂੰ ਸੰਮਤ ੧੭੬੫ ਵਿੱਚ ਪੰਜਾਬ ਵੱਲ ਤੋਰਿਆ, ਅਤੇ ਸਹਾਇਤਾ ਲਈ ਸਿੱਖਾਂ ਦੇ ਨਾਮ ਹੁਕਮਨਾਮੇ ਲਿਖ ਦਿੱਤੇ.#ਵਿਦਾਇਗੀ ਵੇਲ਼ੇ ਪੰਜ ਤੀਰ ਬਖਸ਼ਕੇ ਕਲਗੀਧਰ ਨੇ ਬੰਦੇ ਬੀਰ ਨੂੰ ਇਹ ਉਪਦੇਸ਼ ਫਰਮਾਇਆ-#ੳ. ਜਤ ਰੱਖਣਾ.#ਅ. ਖ਼ਾਲਸੇ ਦੇ ਅਨੁਸਾਰੀ ਹੋਕੇ ਰਹਿਣਾ.#ੲ. ਆਪ ਨੂੰ ਗੁਰੂ ਨਾ ਮੰਨਣਾ.#ਸ. ਵਰਤਾਕੇ ਛਕਣਾ.#ਹ. ਅਨਾਥਾਂ ਦੀ ਸਹਾਇਤਾ ਕਰਨੀ.#ਪੰਜਾਬ ਪੁੱਜਕੇ ਗੁਰਬਖ਼ਸ਼ਸਿੰਘ ਨੇ ਗੁਰੂ ਸਾਹਿਬ ਦੇ ਹੁਕਮਾਂ ਦੀ ਤਾਮੀਲ ਕੀਤੀ. ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਦੀ ਅਵਗ੍ਯਾ ਕੀਤੀ ਸੀ ਉਨ੍ਹਾਂ ਨੂੰ ਭਾਰੀ ਸਜ਼ਾ ਦਿੱਤੀ. ੧. ਹਾੜ ਸੰਮਤ ੧੭੬੭ ਨੂੰ ਇਸ ਨੇ ਸਰਹਿੰਦ ਫਤੇ ਕਰਕੇ ਵਜੀਰਖ਼ਾਂ ਸੂਬੇਦਾਰ ਨੂੰ ਸਾਹਿਬਜ਼ਾਦਿਆਂ ਦੇ ਕੋਹਣ ਦੇ ਅਪਰਾਧ ਪੁਰ ਦੁਰਦਸ਼ਾ ਨਾਲ ਮਾਰਿਆ.#ਪ੍ਰਭੁਤ਼ਾ ਵਧ ਜਾਣ ਪੁਰ ਬੰਦਾ ਬਹਾਦੁਰ ਨੂੰ ਕੁਝ ਗਰਬ ਹੋਗਿਆ ਅਰ ਆਪਣੀ ਗੁਰੁਤਾ ਦੀ ਅਭਿਲਾਖਾ ਜਾਗ ਆਈ, ਜਿਸ ਪੁਰ ਉਸ ਨੇ ਕਈ ਨਿਯਮ ਗੁਰਮਤ ਵਿਰੁੱਧ ਪ੍ਰਚਾਰ ਕਰਨੇ ਚਾਹੇ, ਜਿਸ ਤੋਂ ਪੰਥ ਦਾ ਵਿਰੋਧ ਹੋਕੇ ਖਾਲਸੇ ਦੇ ਦੋ ਦਲ ਬਣਗਏ. ਦੇਖੋ, ਤੱਤਖਾਲਸਾ.#ਦਿੱਲੀਪਤਿ ਫ਼ਰਰੁਖ਼ਸਿਯਰ ਦੀ ਆਗ੍ਯਾ ਨਾਲ ਅਬਦਲਸਮਦਖ਼ਾਨ ਤੂਰਾਨੀ ਅਤੇ ਕਈ ਫੌਜਦਾਰਾਂ ਨੇ ੨੦. ਹਜਾਰ ਫ਼ੌਜ ਨਾਲ ਗੁਰਦਾਸਪੁਰ ਦੀ ਗੜ੍ਹੀ ਵਿੱਚ, ਜਿਸ ਦਾ ਪ੍ਰਸਿੱਧ ਨਾਉਂ ਭਾਈ ਦੁਨੀਚੰਦ ਜੀ ਦੀ ਹਵੇਲੀ ਹੈ, ਬੰਦਾ ਬਹਾਦੁਰ ਨੂੰ ਘੇਰਲਿਆ ਅਰ ਕਈ ਮਹੀਨਿਆਂ ਦੇ ਜੰਗ ਪਿੱਛੋਂ ਵਿਸ਼੍ਵਾਸਘਾਤ ਕਰਕੇ ਸਿੱਖਾਂ ਸਮੇਤ ਫੜਕੇ ਦਿੱਲੀ ਭੇਜਿਆ, ਜਿੱਥੇ ਸਿੰਘਾਂ ਸਹਿਤ ਧਰਮ ਵਿੱਚ ਦ੍ਰਿੜ੍ਹਤਾ, ਧੀਰਯ ਅਤੇ ਸ਼ਾਂਤੀ ਦਾ ਨਮੂਨਾ ਬਣਕੇ ਚੇਤ ਸੁਦੀ ੧. ਸੰਮਤ ੧੭੭੩ ਨੂੰ ਬੰਦਾ ਧਰਮਵੀਰ ਸ਼ਹੀਦ ਹੋਗਿਆ.#ਬੰਦਈ ਸਿੱਖਾਂ ਦੀ ਸਾਖੀ ਤੋਂ ਪਤਾ ਲਗਦਾ ਹੈ ਕਿ ਬੰਦਾ ਯੋਗਾਭ੍ਯਾਸੀ ਸੀ. ਇਸ ਲਈ ਪ੍ਰਾਣਾਯਾਮ ਦੇ ਬਲ ਕਰਕੇ ਉਹ ਮੁਰਦੇ ਤੁੱਲ ਹੋ ਗਿਆ. ਪਰ ਦਿੱਲੀ ਮੋਇਆ ਨਹੀਂ. ਜਦ ਉਸ ਦੀ ਲੋਥ ਜਮੁਨਾ ਦੀ ਬਰੇਤੀ ਤੇ ਸਿੱਟ ਦਿੱਤੀ ਗਈ ਤਾਂ ਇੱਕ ਫਕੀਰ ਨੇ ਉਸ ਵਿੱਚ ਪ੍ਰਾਣ ਜਾਣਕੇ ਆਪਣੀ ਕੁਟੀਆ ਵਿੱਚ ਲੈਆਂਦੀ ਅਰ ਕੁਝ ਚਿਰ ਦੇ ਇਲਾਜ ਨਾਲ ਬਾਬਾ ਬੰਦਾ ਨਵਾਂ ਨਿਰੋਆ ਹੋਗਿਆ.#ਦਿੱਲੀ ਤੋਂ ਚੱਲਕੇ ਉਸ ਨੇ ਆਪਣੇ ਤਾਈਂ ਪ੍ਰਗਟ ਨਹੀਂ ਕੀਤਾ, ਕਿੰਤੂ ਗੁਪਤ ਹੀ ਰਹਿਂਦਾ ਰਿਹਾ. ਭੁੱਚੋਕੇ ਚੱਕਰ ਆਦਿਕ ਪਿੰਡਾਂ ਵਿੱਚ ਕੁਝ ਕਾਲ ਰਹਿਕੇ ਜੰਮੂ ਦੇ ਇਲਾਕੇ ਬਬਰ ਪਿੰਡ ਜਾ ਨਿਵਾਸ ਕੀਤਾ. ਉੱਥੋਂ ਉੱਠਕੇ ਚੰਦ੍ਰਭਾਗਾ (ਝਨਾਂ) ਦੇ ਕਿਨਾਰੇ ਆਪਣੀ ਕੁਟੀਆ ਬਣਾਈ, ਅਰ ਸਿੱਖਾਂ ਦੀ ਪ੍ਰੇਰਨਾ ਨਾਲ ਵਜੀਰਬਾਦੀ ਕਪੂਰ ਖਤ੍ਰੀਆਂ ਦੇ ਘਰ ਸ਼ਾਦੀ ਕੀਤੀ, ਜਿਸ ਤੋਂ ਸੰਮਤ ੧੭੮੫ ਵਿੱਚ ਰਣਜੀਤਸਿੰਘ ਬੇਟਾ ਜਨਮਿਆ. ਜੇਠ ਸੁਦੀ ੧੪. ਸੰਮਤ ੧੭੮੯ ਨੂੰ ਬਾਬਾ ਬੰਦਾ ਜੀ ਦੇਹ ਤਿਆਗਕੇ ਗੁਰਪੁਰ ਪਧਾਰੇ. ਬੰਦਾਬੀਰ ਦਾ ਦੇਹਰਾ ਸੁੰਦਰ ਬਣਿਆ ਹੋਇਆ ਹੈ ਅਰ ਉਸ ਦੀ ਸੰਤਾਨ ਮਹੰਤ ਹੈ. ਬੰਦਈ ਸਿੱਖ ਸਿੰਧ ਆਦਿਕ ਦੇਸ਼ਾਂ ਤੋਂ ਉੱਥੇ ਜਾਕੇ ਭੇਟਾ ਅਰਪਦੇ ਹਨ. ਦੇਹਰੇ ਦੇ ਨਾਉਂ ਮਹਾਰਾਜਾ ਸਿੰਘ ਜੀ ਅਤੇ ਰਾਜਾ ਗੁਲਾਬ ਸਿੰਘ ਦੀ ਲਾਈ ਜਾਗੀਰ ਹੈ.² ਧਰਮਵੀਰ ਬੰਦੇ ਬਹਾਦੁਰ ਦੀ ਵੰਸ਼ਾਵਲੀ ਇਹ ਹੈ:-:#ਬੰਦਾ ਬਹਾਦੁਰ (ਗੁਰਬਖ਼ਸ਼ਸਿੰਘ)#।#ਰਣਜੀਤਸਿੰਘ#।#ਜੋਰਾਵਰਸਿੰਘ#।#ਅਰਜਨਸਿੰਘ#।#ਖੜਕਸਿੰਘ#।#ਦਯਾਸਿੰਘ#।#।
Source: Mahankosh