Definition
ਭਗਤਲੋਕ. ਭਗਤਜਨ. "ਆਪੇ ਭਗਤਾ, ਆਪਿ ਸੁਆਮੀ." (ਗੂਜ ਮਃ ੫) ੨. ਓਹਰੀ ਗੋਤ ਦਾ ਖਤ੍ਰੀ, ਜੋ ਸਤਿਗੁਰੂ ਨਾਨਕਦੇਵ ਦਾ ਸਿੱਖ ਹੋਇਆ। ੩. ਭਾਈ ਬਹਿਲੋਵੰਸ਼ੀ ਭਗਤਾ. ਜਿਸ ਨੇ ਮਾਲਵੇ ਵਿੱਚ ਭਗਤਾ ਪਿੰਡ ਵਸਾਇਆ ਹੈ. ਜੋ ਰਾਜ ਫਰੀਦਕੋਟ ਦੇ ਥਾਣਾ ਕੋਟਕਪੂਰਾ ਵਿੱਚ ਹੈ ਅਰ ਰੇਲਵੇ ਸਟੇਸ਼ਨ ਜੈਤੋਂ ਤੋਂ ੧੬. ਮੀਲ ਪੂਰਵ ਹੈ, ਰਾਮਪੁਰਾਫੂਲ ਤੋਂ ੧੨. ਮੀਲ ਉੱਤਰ ਪੱਛਮ ਹੈ. ਇੱਥੇ ਗੁਰੂ ਗੋਬਿੰਦਸਿੰਘ ਜੀ ਤਿੰਨ ਦਿਨ ਠਹਿਰੇ ਸਨ. ਉਸ ਵੇਲੇ ਭਗਤੇ ਤੇ ਪੰਜ ਪੁਤ੍ਰ (ਗੁਰਦਾਸ, ਤਾਰਾ, ਕਾਰਾ, ਮੋਹਰਾ, ਬਖਤਾ) ਸਨ. ਜਿਨ੍ਹਾਂ ਨੇ ਦਸ਼ਮੇਸ਼ ਦੀ ਪ੍ਰੇਮਭਾਵ ਨਾਲ ਸੇਵਾ ਕੀਤੀ. ਇੱਥੇ ਛੀਵੇਂ ਸਤਿਗੁਰੂ ਜੀ ਭੀ ਪਧਾਰੇ ਹਨ. ਪਿੰਡ ਦੀ ਆਬਾਦੀ ਅੰਦਰ ਗੁਰਦ੍ਵਾਰਾ ਹੈ. ਪਾਸ ਹੀ ਭਾਈਭਗਤੇ ਦਾ ਲਾਇਆ ਖੂਹ ਹੈ. ਰਿਆਸਤ ਫਰੀਦਕੋਟ ਵੱਲੋਂ ੮੮ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਪੁਜਾਰੀ ਸਿੰਘ ਹੈ. ਮਾਘੀ ਨੂੰ ਮੇਲਾ ਹੁੰਦਾ ਹੈ। ੪. ਬੁਰਹਾਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰੇਮੀ ਸਿੱਖ। ੫. ਦੇਖੋ, ਭਗਤੂ ਭਾਈ। ੬. ਭਾਈ ਫੇਰੂ ਸੱਚੀ ਦਾੜ੍ਹੀ ਵਾਲੇ ਦਾ ਇੱਕ ਪੋਤਾ ਚੇਲਾ, ਜੋ ਵਡੀ ਕਰਨੀ ਵਾਲਾ ਸਾਧੂ ਹੋਇਆ ਹੈ.
Source: Mahankosh