ਭਟਿੰਡਾ
bhatindaa/bhatindā

Definition

ਭੱਟੀਰਾਉ ਰਾਜਪੂਤ ਦਾ ਵਸਾਇਆ ਨਗਰ, ਜਿਸ ਦੇ ਭਟਨੇਰ ਆਬਾਦ ਕੀਤੀ. ਇਹ ਹੁਣ ਮਹਾਰਾਜਾ ਪਟਿਆਲਾ ਦੀ ਨਜਾਮਤ ਬਰਨਾਲਾ ਵਿੱਚ ਹੈ. ਇਸ ਨਗਰ ਦੇ ਪਾਸ ਰਾਜਾ ਬਿਨੈਪਾਲ ਦਾ ਰਚਿਆ ਬਹੁਤ ਉੱਚਾ ਕਿਲਾ ਹੈ, ਜਿਸ ਦੀ ਬਲੰਦੀ ੧੧੮ ਫੁਟ ਹੈ. ਬਹੁਤ ਲੇਖਕਾਂ ਨੇ ਇਸ ਨੂੰ ਜੈਪਾਲ ਦੀ ਰਾਜਧਾਨੀ ਭੀ ਲਿਖਿਆ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਇਸ ਨਗਰ ਪਧਾਰੇ ਹਨ. ਇੱਕ ਗੁਰਦ੍ਵਾਰਾ ਕਿਲੇ ਦੇ ਅੰਦਰ ਹੈ, ਜਿਸ ਨੂੰ ਰਿਆਸਤ ਪਟਿਆਲੇ ਵੱਲੋਂ ੫੦ ਘੁਮਾਉਂ ਜ਼ਮੀਨ ਹੈ. ਦੂਜਾ ਰਤਨਹਾਜੀ ਦੇ ਮਕਾਨ ਪਾਸ ਹੈ (ਜਿਸ ਥਾਂ ਗੁਰੂ ਸਾਹਿਬ ਦਾ ਕੈਂਪ ਸੀ). ਇਸ ਗੁਰਦ੍ਵਾਰੇ ਨੂੰ ੨੫ ਘੁਮਾਉਂ ਜ਼ਮੀਨ ਹੈ. ਪੁਜਾਰੀ ਦੋਹੀਂ ਥਾਈਂ ਸਿੰਘ ਹਨ.#ਭਟਿੰਡੇ ਤੇ ਰਾਜਾ ਅਮਰਸਿੰਘ ਪਟਿਆਲਾਪਤਿ ਨੇ ਸਨ ੧੭੭੧ ਵਿੱਚ ਕਬਜਾ ਕੀਤਾ ਸੀ.¹ ਮਹਾਰਾਜਾ ਕਰਮਸਿੰਘ ਨੇ ਭਟਿੰਡੇ ਦੇ ਕਿਲੇ ਦਾ ਨਾਮ ਗੋਬਿੰਦਗੜ੍ਹ ਰੱਖਿਆ.#ਭਟਿੰਡੇ ਦਾ ਪੁਰਾਣਾ ਸੰਸਕ੍ਰਿਤ ਨਾਮ ਵਿਕ੍ਰਮਗੜ੍ਹ ਹੈ. ਇਹ ਨਾਰਥ ਵੈਸਟਰਨ, ਸਦਰਨ ਪੰਜਾਬ, ਜੋਧਪੁਰ ਬੀਕਾਨੇਰ ਅਤੇ ਰਾਜਪੂਤਾਨਾ ਰੇਲਵੇ ਦਾ ਮਿਲਾਪਅਸਥਾਨ junction ਹੈ.
Source: Mahankosh