Definition
ਰਿਆਸਤ ਪਟਿਆਲਾ, ਨਜਾਮਤ ਸੁਨਾਮ ਵਿੱਚ ਇੱਕ ਕਸਬਾ ਹੈ, ਜਿੱਥੇ ਤਸੀਲ ਅਤੇ ਥਾਣਾ ਹੈ. ਇਸ ਨੂੰ ਢੋਡੇ ਭੀ ਆਖਦੇ ਹਨ. ਬਾਬਾ ਆਲਾਸਿੰਘ ਨੇ ਇੱਥੇ ਸਨ ੧੭੪੯ ਵਿੱਚ ਕੱਚਾ ਕਿਲਾ ਬਣਾਇਆ ਸੀ. ਇਸ ਨਗਰ ਦੇ ਪੂਰਵ ਵੱਲ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਆਲੋਹਰਖ ਤੋਂ ਇੱਥੇ ਆਏ. ਗੁਰਦ੍ਵਾਰਾ ਪੱਕਾ ਸੁੰਦਰ ਸੰਮਤ ੧੯੭੫ ਵਿੱਚ ਪ੍ਰੇਮੀ ਸਿੱਖਾਂ ਨੇ ਬਣਾਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਅਕਾਲੀਸਿੰਘ ਸੇਵਾ ਕਰਦੇ ਹਨ. ਭਵਾਨੀਗੜ੍ਹ ਰੇਲਵੇ ਸਟੇਸ਼ਨ ਨਾਭੇ ਤੋਂ ਪੱਛਮ ੧੨. ਮੀਲ ਪੱਕੀ ਸੜਕ ਪੁਰ ਹੈ, ਅਤੇ ਸੰਗਰੂਰ ਤੋਂ ਚੜ੍ਹਦੇ ਵੱਲ ੧੨. ਮੀਲ ਪੱਕੀ ਸੜਕ ਦਾ ਰਸਤਾ ਹੈ. ਸਰਕਾਰੀ ਕਾਗਜਾਂ ਵਿੱਚ ਭਵਾਨੀਗੜ੍ਹ ਦਾ ਨਾਮ ਕਰਮਗੜ੍ਹ ਭੀ ਦੇਖਿਆ ਜਾਂਦਾ ਹੈ ਅਤੇ ਇਹ ਬਹੁਤ ਚਿਰ ਨਜਾਮਤ ਦਾ ਸਦਰ ਰਿਹਾ ਹੈ.
Source: Mahankosh