Definition
ਸੰਗ੍ਯਾ- ਭਾਵ. ਵਿਚਾਰ. ਖ਼ਿਆਲ. "ਊਜਰੁ ਮੇਰੈ ਭਾਇ." (ਸ. ਕਬੀਰ) ਮੇਰੇ ਖ਼ਿਆਲ ਵਿੱਚ ਉੱਜੜ ਹੈ। ੨. ਭਾਗ. ਹਿੱਸਾ. "ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ." (ਸ. ਕਬੀਰ) ੩. भ्रातृ- ਭ੍ਰਾਤਾ. ਭਾਈ. "ਦੂਸਰ ਭਾਇ ਹੁਤੋ ਜੋ ਏਕਾ." (ਗ੍ਯਾਨ) ੪. ਭਾਵ. ਮਨ ਦੇ ਖ਼ਿਆਲ ਨੂੰ ਅੰਗਾਂ ਦ੍ਵਾਰਾ ਪ੍ਰਗਟ ਕਰਨ ਦੀ ਕ੍ਰਿਯਾ. "ਹਾਇ ਭਾਇ ਬਹੁ ਭਾਂਤ ਦਿਖਾਏ." (ਚਰਿਤ੍ਰ ੧੬) ਹਾਵ ਭਾਵ ਦਿਖਾਏ. ਦੇਖੋ, ਹਾਵ ਅਤੇ ਭਾਵ। ੫. ਭਾਵ. ਪ੍ਰੇਮ. "ਭਾਇ ਭਗਤਿ ਪ੍ਰਭਕੀਰਤਨਿ ਲਾਗੈ." (ਗੌਂਡ ਮਃ ੫) ੬. ਸਨਮਾਨ. ਆਦਰ. ਪ੍ਰਤਿਸ੍ਟਾ. "ਏਕ ਭਾਇ ਦੇਖਉ ਸਭ ਨਾਰੀ." (ਗਉ ਕਬੀਰ) ੭. ਮਰਜੀ. ਆਸ਼ਯ. "ਚਰਣੀ ਲਗਾ, ਚਲਾ ਤਿਨ ਕੈ ਭਾਇ." (ਸ੍ਰੀ ਮਃ ੩) ੮. ਰੰਗ, ਵਰਣ. ਭਾਹ. "ਚੂਨਾ ਊਜਲ ਭਾਇ." (ਸ. ਕਬੀਰ) ੯. ਪ੍ਰਕਾਰ. ਢੰਗ. ਵਾਂਙ. ਤਰਹਿ. "ਅਟਕਤ ਭਈ ਕੰਜ ਭਵਰ ਕੇ ਭਾਇ." (ਚਰਿਤ੍ਰ ੨) ੧੦. ਹਾਲਤ. ਦਸ਼ਾ. "ਨਾ ਓਹੁ ਬਢੈ ਨ ਘਟਤਾਜਾਇ। ਅਕੁਲ ਨਿਰੰਜਨ ਏਕੈ ਭਾਇ।" (ਗਉ ਕਬੀਰ) ੧੧. ਸਿੱਧਾਂਤ. ਤਤ੍ਵ. "ਮੇਰੀ ਸਖੀ ਸਹੇਲੀ, ਸੁਨਹੁ ਭਾਇ." (ਬਸੰ ਮਃ ੧) ੧੨. ਪ੍ਰਤ੍ਯਯ- ਤਾ- ਤ੍ਵ ਪਨ. "ਦਾਸ ਦਸੰਤਣਭਾਇ ਤਿਨਿ ਪਾਇਆ." (ਸੁਖਮਨੀ) ਦਾਸਾਂ ਦਾ ਦਾਸਤ੍ਵਪਨ. ਦਾਸਾਨ ਦਾਸਤ੍ਵਭਾਵ.
Source: Mahankosh