Definition
ਢਿੱਲੋ ਗੋਤ ਦੀ ਉੱਚ ਆਚਾਰ ਵਾਲੀ ਇਸਤ੍ਰੀ. ਪਿੰਡ ਚੁਭਾਲ (ਝਬਾਲ) ਜਿਲਾ ਅਮ੍ਰਿਤਸਰ ਦੀ ਵਸਨੀਕ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦੇ ਅਨੰਨ ਸਿੱਖ ਭਾਈ ਲੰਗਾਹ ਦੇ ਭਾਈ ਪੇਰੋਸ਼ਾਹ ਦੀ ਔਲਾਦ ਵਿੱਚੋਂ ਸੀ. ਜਦ ਬਹੁਤ ਸਿੱਖ ਆਨੰਦਪੁਰ ਦੇ ਜੰਗ ਵਿੱਚ ਬੇਦਾਵਾ ਲਿਖਕੇ ਘਰੀਂ ਆਏ, ਤਦ ਇਸ ਨੇ ਉਨ੍ਹਾਂ ਨੂੰ ਧਿੱਕਾਰਿਆ ਅਰ ਆਪ ਘੋੜੇ ਤੇ ਸਵਾਰ ਹੋਕੇ ਸਿੰਘਭੇਸ ਧਾਰਕੇ ਅਜੇਹੇ ਤਰਕ ਦੇ ਵਾਕ ਕਹੇ, ਜਿਨ੍ਹਾਂ ਦੇ ਅਸਰ ਨਾਲ ਬਹੁਤ ਸਿੱਖ ਸਤਿਗੁਰੂ ਦੀ ਸੇਵਾ ਵਿੱਚ ਹਾਜਿਰ ਹੋਣ ਲਈ ਤਿਆਰ ਹੋ ਗਏ.#ਸੰਮਤ ੧੭੬੨ ਵਿੱਚ ਭਾਗੋਮਈ ਸਿੰਘਾਂ ਨਾਲ ਸ਼ਾਮਿਲ ਹੋਕੇ ਮੁਕਤਸਰ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਲੜੀ ਅਤੇ ਬਹੁਤ ਘਾਇਲ ਹੋਈ, ਦਸ਼ਮੇਸ਼ ਨੇ ਇਸ ਦਾ ਇਲਾਜ ਕਰਵਾਕੇ ਰਾਜੀ ਕੀਤਾ ਅਰ ਅਮ੍ਰਿਤ ਛਕਾਕੇ ਭਾਗਕੌਰ ਬਣਾਈ. ਇਹ ਮੁਰਦਾਵਾਂ ਭੇਸ ਧਾਰ ਕੇ ਸਤਿਗੁਰੂ ਦੀ ਸਦਾ ਅੜਦਲ ਵਿੱਚ ਰਹਿਂਦੀ ਸੀ. ਜਦ ਕਲਗੀਧਰ ਅਬਿਚਲਨਗਰ ਅੰਤਰਧਾਨ (ਲੋਪ) ਹੋਗਏ, ਤਦ ਇਹ ਉਦਾਸ ਹੋਕੇ ਬਿਦਰ ਚਲੀਗਈ ਅਰ ਉਸੇ ਥਾਂ ਦੇਹ ਤਿਆਗੀ. ਇਸ ਦੇ ਨਾਮ ਦਾ ਅਬਿਚਲਨਗਰ ਵਿੱਚ ਇੱਕ ਬੁੰਗਾ ਹੈ, ਜਿਸ ਵਿੱਚ ਦਰਬਾਰ ਦਾ ਵਡਾ ਪੁਜਾਰੀ ਰਹਿਂਦਾ ਹੈ. ਇਸ ਦੇ ਬਰਛੇ ਦਾ ਫਲ ਗੁਰੂਸਾਹਿਬ ਦੇ ਸਿੰਘਾਸਨ ਤੇ ਹੁਣ ਤੀਕ ਸਨਮਾਨ ਪਾ ਰਿਹਾ ਹੈ, ਜਿਸ ਨੂੰ ਅਣਜਾਣ ਅਸ੍ਟਭੁਜੀ ਦੇਵੀ ਆਖਦੇ ਹਨ.
Source: Mahankosh