Definition
ਸੰ. ਭੈਰਵ. ਵਿ- ਡਰਾਉਣਾ. ਭੈਦਾਇਕ "ਰਨ ਭੈਰਵ ਭੇਰਿ ਬਜਾਇ ਨਗਾਰੇ." (ਚਰਿਤ੍ਰ ੧) ੨. ਸੰਗ੍ਯਾ- ਸ਼ਿਵ. ਰੁਦ੍ਰ. "ਭੈਰਵ ਕਹੂੰ ਠਾਢ ਭੁੰਕਾਰੈ." (ਚਰਿਤ੍ਰ ੪੦੪) ੩. ਰੁਦ੍ਰ ਦਾ ਹੀ ਇੱਕ ਭੇਦ, ਜੋ ਕੁੱਤੇ ਦੀ ਸਵਾਰੀ ਕਰਦਾ ਹੈ. "ਭੈਰਉ ਭੂਤ ਸੀਤਲਾ ਧਵੈ." (ਗੌਡ ਨਾਮਦੇਵ) ਪੁਰਾਣਾਂ ਵਿੱਚ ਭੈਰਵ ਦੇ ਅੱਠ ਰੂਪ ਲਿਖੇ ਹਨ-#ਅਸਿਤਾਂਗ, ਸੰਹਾਰ, ਰੁਰੁ, ਕਾਲ, ਕ੍ਰੋਧ, ਤਾਮਚੂੜ, ਚੰਦ੍ਰਚੂੜ ਅਤੇ ਮਹਾਨ੍.¹ "ਕਹੂੰ ਭੈਰਵੀ ਭੂਤ ਭੈਰੋਂ ਬਕਾਰੈ." (ਵਿਚਿਤ੍ਰ) ੪. ਇੱਕ ਰਾਗ, ਜਿਸ ਦੀ ਛੀ ਰਾਗਾਂ ਵਿੱਚ ਗਿਣਤੀ ਹੈ. ਇਹ ਸੰਪੂਰਣਜਾਤਿ ਦਾ ਮਾਰਗੀ (ਮਾਰਗੀਯ) ਹੈ. ਇਸ ਦੇ ਆਲਾਪ ਦਾ ਵੇਲਾ ਪ੍ਰਾਤਹਕਾਲ ਹੈ. ਭੈਰਵ ਦੇ ਸੁਰ ਹਨ- ਰਿਸਭ ਅਤੇ ਧੈਵਤ ਕੋਮਲ. ਆਰੋਹੀ ਵਿੱਚ ਰਿਸਭ ਕੋਮਲਤਰ. ਅਰ- ਸੜਜ ਗਾਂਧਾਰ ਮੱਧਮ ਪੰਚਮ ਨਿਸਾਦ ਸ਼ੁੱਧ. ਇਸ ਵਿੱਚ ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸਭ ਹੈ.#ਆਰੋਹੀ- ਸ ਰਾ ਗ ਮ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ#ਧਾ ਧਾ ਪ ਧਾ ਧਾ ਪ ਮ ਗ ਰਾ ਗ ਮ ਗ ਰਾ ਰਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਰਾਗਾਂ ਵਿੱਚ ਭੈਰਉ ਦਾ ਚੌਬੀਹਵਾਂ ਨੰਬਰ ਹੈ।² ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਆਤਮਗਿਆਨੀ ਅਨੰਨ ਸਿੱਖ ਭਾਈ ਭੈਰੋ, ਜਿਸ ਦੀ ਕਥਾ "ਦਬਿਸ੍ਤਾਨਿ ਮਜ਼ਾਹਬ" ਵਿੱਚ ਆਉਂਦੀ ਹੈ. ਦੇਖੋ, ਨੈਣਾਦੇਵੀ.
Source: Mahankosh