ਭੰਗਾਣੀ
bhangaanee/bhangānī

Definition

ਰਾਜ ਨਾਹਨ (ਸਰਮੌਰ), ਤਸੀਲ ਪਾਂਵਟਾ, ਥਾਣਾ ਮਾਜਰਾ ਦਾ ਇੱਕ ਪਿੰਡ, ਜੋ ਪਾਂਵਟੇ ਤੋਂ ਸੱਤ ਮੀਲ ਪੂਰਵ ਹੈ. ੧੮. ਵੈਸਾਖ ਸੰਮਤ ੧੭੪੬ ਨੂੰ ਗੁਰੂ ਗੋਬਿੰਦਸਿੰਘ ਸਾਹਿਬ ਦਾ ਭੀਮਚੰਦ ਕਹਲੂਰੀ, ਫਤੇ ਸ਼ਾਹ ਗੜ੍ਹਵਾਲੀਆ, ਹਰੀਚੰਦ ਹੰਡੂਰੀਆ ਆਦਿਕ ਪਹਾੜੀ ਰਾਜਿਆਂ ਨਾਲ ਜੰਗ ਹੋਇਆ. ਇਸ ਯੁੱਧ ਵਿੱਚ ਬੀਬੀ ਬੀਰੋ ਦੇ ਸੁਪੁਤ੍ਰ ਸੰਗੋਸ਼ਾਹ ਅਤੇ ਜੀਤਮੱਲ ਜੀ ਸ਼ਹੀਦ ਹੋਏ, ਅਤੇ ਦਸ਼ਮੇਸ਼ ਦੇ ਹੱਥੋਂ ਰਾਜਾ ਹਰੀ ਚੰਦ ਅਤੇ ਅਨੇਕ ਰਾਜਪੂਤਾਂ ਨੇ ਸ਼ਹੀਦੀ ਲਈ, ਜਿਸ ਪੁਰ ਰਾਜੇ ਹਾਰਕੇ ਨੱਠ ਗਏ. ਕਲਗੀਧਰ ਦਾ ਇਹ ਪਹਿਲਾ ਜੰਗ ਸੀ. ਇਸ ਯੁੱਧ ਦਾ ਜਿਕਰ ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਦਰਜ ਹੈ.¹#ਜਿੱਥੇ ਕਲਗੀਧਰ ਨੇ ਹਰੀਚੰਦ ਨਾਲ ਧਨੁਸਯੁੱਧ ਕੀਤਾ ਹੈ ਉੱਥੇ ਪ੍ਰੇਮੀਆਂ ਨੇ ਕੁਝ ਚਿੰਨ੍ਹ ਥਾਪਕੇ ਨਾਮ "ਤੀਰਗੜ੍ਹ" ਰੱਖ ਦਿੱਤਾ ਹੈ. ਹਰੀਚੰਦ ਦੀ ਰਾਣੀ ਅਤੇ ਕਈ ਹੋਰ ਰਾਜਪੂਤਾਂ ਦੀਆਂ ਇਸਤ੍ਰੀਆਂ ਇੱਥੇ ਆਕੇ ਸਤੀ ਹੋਈਆਂ. ਜਿਨ੍ਹਾਂ ਦੀਆਂ ਸਮਾਧਾਂ ਮੌਜੂਦ ਹਨ.#ਗੁਰਦ੍ਵਾਰਾ ਸਾਧਾਰਣ ਬਣਿਆ ਹੋਇਆ ਹੈ, ਰਿਆਸਤ ਵੱਲੋਂ ੧੫੦ ਵਿੱਘੇ ਜ਼ਮੀਨ ਮੁਆਫ ਹੈ ਬਾਰਾਂ ਰੁਪਯੇ ਸਾਲਾਨਾ ਰਿਆਸਤ ਕਲਸੀਆ ਤੋਂ ਮਿਲਦੇ ਹਨ, ਮੇਲਾ ਹੋੱਲੇ ਮਹੱਲੇ ਨੂੰ ਹੁੰਦਾ ਹੈ. ਪੁਜਾਰੀ ਅਕਾਲਸਿੰਘ ਹੈ.#ਇੱਥੇ ਇੱਕ ਕਮਾਣ ਸ਼੍ਰੀ ਦਸ਼ਮੇਸ਼ ਜੀ ਦੀ ਸੀ, ਜੋ ਪੁਜਾਰੀ ਰਣਸਿੰਘ ਵੇਲੇ ਮਕਾਨ ਨੂੰ ਅੱਗ ਲੱਗਣ ਤੋਂ ਭਸਮ ਹੋਗਈ. ਭੰਗਾਣੀ ਰੇਲਵੇ ਸਟੇਸ਼ਨ ਜਗਾਧਰੀ ਤੋਂ ੩੭ ਮੀਲ ਅਤੇ ਨਾਹਨ ਤੋਂ ੩੩ ਮੀਲ ਹੈ.
Source: Mahankosh