Definition
ਦੇਖੋ, ਭੰਗੀ ੨. ਇਤਿਹਾਸ ਪ੍ਰਸਿੱਧ ਇਹ ਤੋਪ ਅਹਮਦਸ਼ਾਹ ਅਬਦਾਲੀ ਦੇ ਹੁਕਮ ਨਾਲ ਉਸ ਦੇ ਵਜ਼ੀਰ ਸ਼ਾਹਵਲੀਖਾਂ ਨੇ ਹਿੰਦੂਆਂ ਦੇ ਘਰਾਂ ਤੋਂ ਪਿੱਤਲ ਦੇ ਭਾਂਡੇ ਇਕੱਠੇ ਕਰਕੇ ਸਨ ੧੭੫੭ ਵਿੱਚ ਲਹੌਰ ਦੇ ਨਾਮੀ ਕਾਰੀਗਰ ਸ਼ਾਹਨਜ਼ੀਰ ਤੋਂ ਬਣਵਾਈ ਸੀ. ਪਰ ਕਾਬੁਲ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਿਆ. ਸਨ ੧੭੬੨ ਵਿੱਚ ਖ੍ਵਾਜਾ ਉਬੇਦਬੇਗ ਲਹੌਰ ਦੇ ਗਵਰਨਰ ਤੋਂ ਜੰਗ ਕਰਕੇ ਹਰੀਸਿੰਘ ਭੰਗੀ ਸਰਦਾਰ ਨੇ ਖੋਹੀ. ਭੰਗੀਆਂ ਨੇ ਇਹ ਤੋਪ ਸਰਦਾਰ ਚੜ੍ਹਤਸਿੰਘ ਸੁਕ੍ਰਚੱਕੀਏ ਨੂੰ ਦਿੱਤੀ. ਚੜ੍ਹਤਸਿੰਘ ਤੋਂ ਜੰਗ ਕਰਕੇ ਛੱਤੇ ਦੇ ਪਠਾਣਾਂ ਨੇ ਖੋਹੀ. ਸਨ ੧੭੭੩ ਵਿੱਚ ਸਰਦਾਰ ਝੰਡਾਸਿੰਘ ਭੰਗੀ ਨੇ ਛੱਤੇ ਦੇ ਪਠਾਣਾਂ ਤੋਂ ਜਿੱਤਕੇ ਇਸ ਦਾ ਨਾਮ ਭੰਗੀਆਂ ਦੀ ਤੋਪ ਰੱਖਿਆ. ਪਹਿਲਾਂ ਇਸ ਦਾ ਨਾਮ "ਜ਼ਮਜ਼ਮ" ਸੀ. ਭੰਗੀਆਂ ਤੋਂ ਸਨ ੧੮੦੨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆਈ. ੨੧. ਦਿਸੰਬਰ ਸਨ ੧੮੪੫ ਨੂੰ ਫਿਰੋਜ਼ਸ਼ਾਹ (ਫੇਰੂਸ਼ਹਿਰ) ਦੇ ਜੰਗ ਵਿੱਚ ਅੰਗ੍ਰੇਜ਼ਾਂ ਨੇ ਇਸ ਤੋਪ ਪੁਰ ਕਬਜਾ ਕੀਤਾ. ਹੁਣ ਇਹ ਪੰਜਾਬ ਯੂਨੀਵਰਸਿਟੀ ਹਾਲ ਅਤੇ ਅਜਾਯਬਘਰ ਦੇ ਅੱਗੇ ਜੋ ਮੈਦਾਨ ਹੈ, ਉਸ ਵਿੱਚ ਲਹੌਰ ਵਿਰਾਜ ਰਹੀ ਹੈ. ਇਸ ਦੀ ਲੰਬਾਈ ਸਾਢੇ ਚੌਦਾਂ ਫੁਟ ਹੈ ਅਤੇ ਮੁਖ ਦਾ ਛਿਦ੍ਰ (Dore) ਸਾਢੇ ਨੌ ਇੰਚ ਹੈ.
Source: Mahankosh