Definition
(Mr. M. A. Macauliffe) ਇਹ ਆਯਰਲੈਂਡ ਦਾ ਨਿਵਾਸੀ ਵਿਦ੍ਵਾਨ ਅਤੇ ਸੱਜਨ ਪੁਰਖ ਸੀ. ਇਸ ਦਾ ਜਨਮ ੨੯ ਸਤੰਬਰ ਸਨ ੧੮੩੭ ਅਤੇ ਦੇਹਾਂਤ ੧੫. ਮਾਰਚ ੧੯੧੩ ਨੂੰ ਹੋਇਆ. ਭਾਈ ਗੁਰਮੁਖਸਿੰਘ ਪ੍ਰੋਫੈਸਰ ਓਰੀਏਂਟਲ ਕਾਲਿਜ ਲਹੌਰ ਦੀ ਸੰਗਤਿ ਤੋਂ ਇਸ ਨੂੰ ਸਿੱਖਧਰਮ ਸੰਬੰਧੀ ਪ੍ਰੇਮ ਜਾਗਿਆ. ਸਨ ੧੮੮੩ ਵਿੱਚ ਮਕਾਲਿਫ ਨੇ ਮਹਾਰਾਜਾ ਹੀਰਾਸਿੰਘ ਸਾਹਿਬ ਨਾਭਾਪਤਿ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਕਾਨ੍ਹਸਿੰਘ ਨੂੰ ਆਗ੍ਯਾ ਦਿੱਤੀ ਜਾਵੇ ਕਿ ਉਹ ਮੈਨੂ ਗੁਰੂ ਗ੍ਰੰਥਸਾਹਿਬ ਪੜ੍ਹਾਵੇ, ਮਹਾਰਾਜਾ ਜੀ ਨੇ ਸਾਹਿਬ ਦੀ ਪ੍ਰਾਰਥਨਾ ਪੁਰ ਮੈਨੂੰ ਦੋ ਵਰ੍ਹੇ ਮਕਾਲਿਫ ਪਾਸ ਰਹਿਣ ਦੀ ਪਰਵਾਨਗੀ ਦਿੱਤੀ. ਇਸ ਪਿੱਛੋਂ ਕਈ ਮਹੀਨੇ ਮਕਾਲਿਫਸਾਹਿਬ ਨਾਭੇ ਆਕੇ ਭੀ ਸਹਾਇਤਾ ਲੈਂਦਾ ਰਿਹਾ, ਕਈ ਵਾਰ ਗਰਮੀਆਂ ਵਿੱਚ ਮੈ ਉਸ ਪਾਸ ਪਹਾੜ ਜਾਂਦਾ ਰਿਹਾ.#ਸਨ ੧੮੯੩ ਤੋਂ ਮਕਾਲਿਫ ਸਾਹਿਬ ਨੇ ਸਰਕਾਰੀ ਨੌਕਰੀ ਛੱਡਕੇ ਆਪਣਾ ਸਾਰਾ ਸਮਾ ਗੁਰਮਤ ਸੰਬੰਧੀ ਗ੍ਰੰਥਾਂ ਦੇ ਅਭ੍ਯਾਸ ਵਿੱਚ ਖਰਚ ਕਰਨਾ ਆਰੰਭਿਆ ਅਰ ਡਾਕਟਰ ਟ੍ਰੰਪ (Dr. Trumpp) ਪਾਦਰੀ ਦਾ ਲਿਖਿਆ ਗੁਰਬਾਣੀ ਦਾ ਬਹੁਤ ਅਸ਼ੁੱਧ ਤਰਜੁਮਾ ਵੇਖਕੇ ਉਸ ਨੇ ਬਹੁਤ ਉੱਤਮ ਭਾਵ ਨਾਲ ਸਿੱਖਰੀਲੀਜਨ (The Sikh Religion) ਗ੍ਰੰਥ ਛੀ ਭਾਗਾਂ ਵਿੱਚ ਤਿਆਰ ਕੀਤਾ,¹ ਅਤੇ ਇਸ ਮਹਾਨ ਕਾਰਜ ਨੂੰ ਕਰਦਿਆਂ ਹੋਇਆਂ ਭਾਈ ਦਿੱਤ ਸਿੰਘ, ਭਾਈ ਹਜ਼ਾਰਾਸਿੰਘ, ਗ੍ਯਾਨੀ ਸਰਦੂਲਸਿੰਘ, ਭਾਈ ਸੰਤਸਿੰਘ ਆਦਿਕ ਸੱਜਨਾਂ ਤੋਂ ਸਮੇ ਸਮੇ ਸਿਰ ਸਹਾਇਤਾ ਲੈਂਦਾ ਰਿਹਾ, ਜਿਸ ਦਾ ਜਿਕਰ ਉਸ ਨੇ ਵਿਸ੍ਤਾਰ ਨਾਲ ਗ੍ਰੰਥ ਦੀ ਭੂਮਿਕਾ ਵਿੱਚ ਕੀਤਾ ਹੈ. ਮਕਾਲਿਫ ਸਾਹਿਬ ਦੇ ਦੇਹਾਂਤ ਪੁਰ ਜੋ ਸਿਵਲ ਮਿਲਟਰੀ ਗੈਜ਼ਟ ਨੇ ਨੋਟ ਲਿਖਿਆ ਹੈ, ਉਹ ਪੜ੍ਹਨ ਯੋਗ੍ਯ ਹੈ-²
Source: Mahankosh