ਮਨਸੂਰ
manasoora/manasūra

Definition

ਅ਼. [منصوُر] ਵਿ- ਨਸਰ (ਸਹਾਇਤਾ) ਪ੍ਰਾਪਤ ਕਰਨ ਵਾਲਾ। ੨. ਫ਼ਤਹਮੰਦ. ਵਿਜਈ। ੩. ਸੰਗ੍ਯਾ- ਇੱਕ ਸੂਫ਼ੀ ਫ਼ਕੀਰ, ਜੋ ਸ਼ੈਖ ਹੁਸੈਨ ਬਿਨ ਹੱਲਾਜ ਦਾ ਪੁਤ੍ਰ ਸੀ. ਇਹ ਈਰਾਨ ਦੇ ਨਗਰ ਬੈਜ਼ੇ ਵਿੱਚ ਪੈਦਾ ਹੋਇਆ. ਇਸਨੇ ਸ਼ੁਸ੍ਤਰ ਨਿਵਾਸੀ ਸੁਹੇਲ ਤੋਂ ਵਿਦ੍ਯਾ ਪੜ੍ਹੀ ਅਤੇ ਉੱਤਮ ਕਵੀ ਹੋਗਿਆ.#ਅੱਬੁਲਹੁਸੈਨ ਸੂਰੀ ਅਤੇ ਜੁਦੈਨ ਬਗਦਾਦੀ ਸੁਫ਼ੀਆਂ ਦੀ ਸੰਗਤਿ ਤੋਂ ਇਸ ਨੂੰ ਵੇਦਾਂਤਮਤ ਦਾ ਪ੍ਰੇਮ ਜਾਗਿਆ ਅਰ ਬਸਰਾ ਨਿਵਾਸੀ ਉਮਰ ਅਦ੍ਵੈਤਵਾਦੀ ਪਾਸ ਰਹਿਕੇ ਪੱਕਾ ਵੇਦਾਂਤੀ ਬਣਗਿਆ.#ਦੇਸ਼ ਵਿੱਚ ਫਿਰਕੇ ਮਨਸੂਰ ਆਪਣੇ ਮਤ ਦਾ ਪ੍ਰਚਾਰ ਕਰਨ ਲੱਗਾ ਅਰ ਬਗਦਾਦ ਵਿੱਚ ਰਹਿਕੇ ਅਨੇਕ ਚੇਲੇ ਬਣਾਏ. ਇਹ ਬਿਨਾ ਸ਼ੰਕਾ "ਅਨਾਲ ਹੱਕ਼" (ਅਹੰ ਬ੍ਰਹਮਾਸਿਮ) ਆਖਿਆ ਕਰਦਾ ਸੀ. ਜਿਸ ਪੁਰ ਮੁਲਾਣਿਆਂ ਦੀ ਪ੍ਰੇਰਣਾ ਨਾਲ ਖ਼ਲੀਫ਼ਾ ਮੁਕ਼ਤਦਿਰ ਨੇ ੨੬ ਮਾਰਚ ਸਨ ੯੨੨ (ਸਨ ੩੦੯ ਹਿਜਰੀ) ਨੂੰ ਕੋਰੜਿਆਂ ਦੀ ਮਾਰ ਕਰਾਕੇ ਮਨਸੂਰ ਨੂੰ ਸੂਲੀ¹ ਚੜ੍ਹਵਾਕੇ ਮਰਵਾ ਦਿੱਤਾ ਅਰ ਲੋਬ ਭਸਮ ਕਰਵਾ ਦਿੱਤੀ.#ਮਨਸੂਰ ਦੇ ਮਨੋਹਰ ਵਾਕ ਹੁਣ ਭੀ ਅਦ੍ਵੈਤਵਾਦੀਆਂ ਦੇ ਮੰਤ੍ਰਰੂਪ ਹਨ. ਮਨਸੂਰ ਲਿਖਦਾ ਹੈ- "ਇਸ ਲੋਕ ਦੇ ਪਦਾਰਥਾਂ ਦਾ ਤ੍ਯਾਗ ਅਤੇ ਪਰਲੋਕ ਸੁਖਾਂ ਦੀ ਵਾਸਨਾ ਦਾ ਤ੍ਯਾਗ, ਪੂਰਣ ਸੰਨ੍ਯਾਸ ਹੈ. ਈਸ਼੍ਵਰ ਅਤੇ ਜੀਵ ਦੇ ਵਿੱਚ ਕੇਵਲ ਦੋ ਡਿੰਘ ਦੀ ਵਿੱਥ ਹੈ. ਇੱਕ ਡਗ ਲੋਕ ਅਤੇ ਦੂਜੀ ਪਰਲੋਕ ਤੋਂ ਉਠਾ ਲਓ, ਫੇਰ ਨਿਰਸੰਦੇਹ ਬ੍ਰਹਮ ਨਾਲ ਅਭੇਦਤਾ ਹੈ।" ੪. ਅੱਬਾਸ ਵੰਸ਼ੀ ਬਗਦਾਦ ਦਾ ਦੂਜਾ ਖ਼ਲੀਫ਼ਾ.
Source: Mahankosh