Definition
ਕੈਥੋਵਾਲ ਪਿੰਡ ਦੇ, (ਜਿਸ ਦਾ ਪਟਿਆਲੇ ਰਾਜ ਵਿੱਚ ਸੁਨਾਮ ਪਾਸ ਥੇਹ ਦੇਖਿਆ ਜਾਂਦਾ ਹੈ), ਵਸਨੀਕ ਦੁੱਲਟ ਜੱਟ ਚੌਧਰੀ ਕਾਲੇ ਦਾ ਪੁਤ੍ਰ.¹ ਮਨੀਏ ਦੀ ਉਮਰ ਕੇਵਲ ਪੰਜ ਵਰ੍ਹੇ ਦੀ ਸੀ ਜਦ ਕਾਲੇ ਨੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਨੂੰ ਚੜ੍ਹਾ ਦਿੱਤਾ. ਇਹ ਛੋਟੀ ਅਵਸਥਾ ਤੋਂ ਹੀ ਦਸ਼ਮੇਸ਼ ਦੀ ਸੇਵਾ ਵਿਚ ਰਿਹਾ. ਇਸ ਨੇ ਕਲਗੀਧਰ ਤੋਂ ਅਮ੍ਰਿਤ ਛਕਕੇ ਸਿੰਘ ਪਦਵੀ ਧਾਰਨ ਕੀਤੀ. ਸੰਮਤ ੧੭੬੧ ਵਿੱਚ ਜਦ ਗੁਰੂ ਸਾਹਿਬ ਨੇ ਆਨੰਦਪੁਰ ਛੱਡਿਆ ਤਦ ਇਹ ਆਗ੍ਯਾ ਅਨੁਸਾਰ ਮਾਤਾ ਸੁੰਦਰੀ ਜੀ ਅਤੇ ਸਾਹਿਬਕੌਰ ਜੀ ਨੂੰ ਲੈਕੇ ਦਿੱਲੀ ਪਹੁੰਚਿਆਂ ਅਰ ਸੇਵਾ ਵਿੱਚ ਹਾਜਿਰ ਰਿਹਾ. ਸੰਮਤ ੧੭੬੨- ੬੩ ਵਿੱਚ ਇਹ ਮਾਤਾ ਸਾਹਿਬਾਨ ਦੇ ਨਾਲ ਦਮਦਮੇ ਪੁੱਜਾ. ਉੱਥੇ ਕਲਗੀਧਰ ਨੇ ਇਸ ਦੀ ਕਲਮ ਤੋਂ ਸ਼੍ਰੀ ਗੁਰੂ ਗ੍ਰੰਥ- ਸਾਹਿਬ ਦੀ ਇੱਕ ਬੀੜ ਲਿਖਵਾਈ. ਦੇਖੋ, ਗ੍ਰੰਥਸਾਹਿਬ.#ਸੰਮਤ ੧੭੭੮ ਵਿੱਚ ਮਾਤਾ ਸੁੰਦਰੀ ਜੀ ਨੇ ਇਸ ਨੂੰ ਹਰਿਮੰਦਿਰ ਦਾ ਗ੍ਰੰਥੀ ਥਾਪਿਆ. ਇਸ ਅਧਿਕਾਰ ਵਿੱਚ ਭਾਈ ਮਨੀ ਸਿੰਘ ਨੇ ਕਈ ਗ੍ਰੰਥ ਲਿਖੇ ਅਤੇ ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਇੱਕ ਨਵੀਂ ਬੀੜ ਤਿਆਰ ਕੀਤੀ, ਜਿਸ ਵਿੱਚ ਹਰੇਕ ਸਤਿਗੁਰੂ ਦੀ ਬਾਣੀ ਸਭ ਰਾਗਾਂ ਵਿੱਚੋਂ ਚੁਣਕੇ ਇੱਕ ਇੱਕ ਥਾਂ ਕੀਤੀ ਅਰ ਭਗਤਬਾਣੀ ਨੂੰ ਭੀ ਇਸੇ ਕ੍ਰਮ ਨਾਲ ਲਿਖਿਆ.² ਇਸ ਪੁਰ ਪੰਥ ਨੇ ਸ੍ਰਾਪ ਦਿੱਤਾ ਕਿ ਭਾਈ ਮਨੀਸਿੰਘ ਦੇ ਅੰਗ ਅੰਗ ਜੁਦੇ ਹੋਣ.#ਅਮ੍ਰਿਤਸਰ ਜੀ ਦੀਪਮਾਲਾ ਦਾ ਮੇਲਾ ਕਈ ਵਰ੍ਹਿਆਂ ਤੋਂ ਤੁਰਕਾਂ ਨੇ ਹੁਕਮ ਬੰਦ ਕਰ ਦਿੱਤਾ ਸੀ. ਭਾਈ ਮਨੀਸਿੰਘ ਨੇ ਸੂਬਾ ਲਹੌਰ ਨੂੰ ਪੰਜ ਹਜਾਰ ਰੁਪਯਾ ਟੈਕ੍ਸ ਦੇਣਾ ਕਰਕੇ ਮੇਲੇ ਦੀ ਮਨਜ਼ੂਰੀ ਲਈ, ਪਰ ਸੂਬੇ ਨੇ ਅਮ੍ਰਿਤਸਰ ਦੇ ਚੌਹੀਂ ਪਾਸੀਂ ਪਹਿਰੇ ਲਾ ਦਿੱਤੇ, ਜਿਸ ਤੋਂ ਲੋਕ ਡਰਦੇ ਮੇਲੇ ਨਾ ਆਏ ਅਰ ਕੁਝ ਪੂਜਾ ਨਾ ਚੜ੍ਹੀ. ਸੂਬੇ ਨੇ ਰੁਪਯਾ ਨਾ ਅਦਾ ਕਰਨ ਦੇ ਅਪਰਾਧ ਵਿੱਚ ਭਾਈ ਸਾਹਿਬ ਨੂੰ ਕੈਦ ਕਰ ਲਿਆ ਅਰ ਇਸਲਾਮ ਵਿੱਚ ਲਿਆਉਣ ਦੇ ਅਨੇਕ ਯਤਨ ਕੀਤੇ. ਜਦ ਕਾਮਯਾਬੀ ਨਾ ਹੋਈ. ਤਦ ਜੱਲਾਦ ਤੋਂ ਅੰਗ ਅੰਗ ਜੁਦਾ ਕਰਵਾ ਦਿੱਤਾ. ਸੰਮਤ ੧੭੯੪ ਵਿੱਚ³ ਭਾਈ ਮਨੀਸਿੰਘ ਧਰਮਵੀਰ ਨੇ ਜਿੱਥੇ ਸ਼ਹੀਦੀ ਪਾਈ ਹੈ, ਉਹ ਪਵਿਤ੍ਰ ਸ਼ਹੀਦਗੰਜ ਲਹੌਰ ਦੇ ਕਿਲੇ ਪਾਸ ਹੈ.
Source: Mahankosh