ਮਲੂਕਾ
malookaa/malūkā

Definition

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਜੈਤੋ ਤੋਂ ਬਾਰਾਂ ਮੀਲ ਪੂਰਵ ਹੈ. ਇਸ ਪਿੰਡ ਤੋਂ ਚੜ੍ਹਦੇ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਅਸਥਾਨ ਹੈ. ਸਤਿਗੁਰੂ ਜੀ ਜਲਾਲ ਵੱਲੋਂ ਆਉਂਦੇ ਇੱਥੇ ਵਿਰਾਜੇ ਹਨ. ਇੱਥੇ ਇੱਕ ਦੀਵਾਨਾ ਸਾਧੂ ਗੁਰੂ ਜੀ ਨੂੰ ਮਿਲਣ ਆਇਆ. ਗੁਰੂ ਜੀ ਵਿਰਾਜੇ ਹੋਏ ਸਨ, ਸਿੰਘਾਂ ਨੇ ਰੋਕਿਆ ਪਰ ਦੀਵਾਨਾ ਨਾ ਰੁਕਿਆ, ਇਸ ਪੁਰ ਉਹ ਢੀਠਤਾ ਨਾਲ ਸਿੰਘਾਂ ਨਾਲ ਲੜਕੇ ਬਹੁਤ ਘਾਇਲ ਹੋਗਿਆ. ਇਤਨੇ ਵਿੱਚ ਗੁਰੂ ਜੀ ਜਾਗ ਉੱਠੇ, ਸਾਧੁ ਨੂੰ ਅੰਦਰ ਬੁਲਾਇਆ ਦਰਸ਼ਨ ਦੇਕੇ ਨਿਹਾਲ ਕੀਤਾ. ਦੀਵਾਨਾ ਸਫਲ ਮਨੋਰਥ ਹੋਕੇ ਪਰਲੋਕ ਸਿਧਾਰਿਆ. ਗੁਰੂ ਸਾਹਿਬ ਦੇ ਵਿਰਾਜਣ ਦੇ ਥਾਂ ਦਮਦਮਾ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ਚਾਰ ਘੁਮਾਉਂ ਦੇ ਕ਼ਰੀਬ ਜ਼ਮੀਨ ਹੈ. ਹਰ ਅਮਾਵਸ ਮੇਲਾ ਹੁੰਦਾ ਹੈ.
Source: Mahankosh