Definition
ਨਾਭੇ ਤੋਂ ੧੨. ਕੋਹ ਉੱਤਰ ਪੱਛਮ ਇੱਕ ਰਿਆਸਤ, ਜਿਸ ਦਾ ਵਧੇਰਾ ਸ਼ੈਅ ਸਦਰੋਦੀਨ ਸੇਲਬਾਨੀ ਅਫ਼ਗਾਨ (ਪਠਾਣ) ਸੀ, ਇਸ ਦੀ ਸ਼ਾਦੀ ਸੁਲਤਾਨ ਬਹਲੋਲ ਲੋਦੀ ਦੀ ਪੁਤ੍ਰੀ ਨਾਲ ਹੋਈ, ਜਿਸ ਕਰਕੇ ਬਹੁਤ ਧਨ ਅਤੇ ੬੮ ਪਿੰਡ ਦਾਜ ਵਿੱਚ ਮਿਲੇ. ਰਾਜਪੂਤ ਮਹਲੇਰਸਿੰਘ ਦਾ ਵਸਾਇਆ ਗ੍ਰਾਮ ਮਹਲੇਰ, ਜੋ ਬਰਬਾਦ ਹੋ ਚੁੱਕਾ ਸੀ, ਮਲੇਰ ਨਾਮ ਤੋਂ ਨਵੇਂ ਸਿਰੇ ਆਬਾਦ ਕੀਤਾ ਗਿਆ, ਅਰ ਸਨ ੧੬੫੭ ਵਿੱਚ ਨਵਾਬ ਬੈਜ਼ੀਦਖ਼ਾਨ ਨੇ ਕੋਟਲਾ ਨਾਮ ਦੀ ਆਬਾਦੀ ਬਣਾਈ. ਦੋ ਨਾਮ ਮਿਲਕੇ "ਮਲੇਰਕੋਟਲਾ" ਸੰਗ੍ਯਾ ਪ੍ਰਸਿੱਧ ਹੋਈ. ਹੁਣ ਇਹ ਰਿਆਸਤ ਪੰਜਾਬ ਵਿੱਚ ਦਸਵੇਂ ਦਰਜੇ ਪੁਰ ਗਿਣੀ ਗਈ ਹੈ. ਇਸ ਦਾ ਰਕਬਾ ੧੬੭ ਵਰਗਮੀਲ, ਆਬਾਦੀ ੮੦, ੩੨੨ ਹੈ. ਰਿਆਸਤ ਦਾ ਨੀਤਿਸੰਬੰਧ ੧. ਨਵੰਬਰ ਸਨ ੧੯੨੧ ਤੋਂ ਏ. ਜੀ. ਜੀ. ਪੰਜਾਬ ਸਟੇਟਸ ਨਾਲ ਹੈ. ਇਸ ਵੇਲੇ ਗੱਦੀ ਤੇ ਕਰਨੈਲ ਹਿਜ਼ ਹਾਈਨੈਸ ਨਵਾਬਸਰ ਮੁਹ਼ੰਮਦ ਅਹਮਦਅਲੀਖ਼ਾਨ ਕੇ. ਸੀ. ਐਸ. ਆਈ. ਕੇ. ਸੀ. ਆਈ. ਈ. ਹਨ, ਜਿਨ੍ਹਾਂ ਦਾ ਜਨਮ ੧੦. ਸਿਤੰਬਰ ਸਨ ੧੮੮੧ ਨੂੰ ਹੋਇਆ ਹੈ.#ਇੱਥੋਂ ਦੇ ਹਾਕਮ ਸ਼ੇਰਮੁਹੰਮਦ ਨੇ ਸਰਹਿੰਦ ਵਿੱਚ ਕਲਗੀਧਰ ਦੇ ਛੋਟੇ ਸਾਹਿਬਜ਼ਾਦਿਆਂ ਦੇ ਮਾਰਨ ਦਾ ਹੁਕਮ ਸੁਣਕੇ ਆਹ ਦਾ ਨਾਰਾ ਮਾਰਿਆ ਸੀ ਅਰ ਸੂਬੇ ਨੂੰ ਆਖਿਆ ਸੀ ਕਿ ਇਨ੍ਹਾਂ ਸ਼ੀਰਖ਼ੋਰ ਬੱਚਿਆਂ ਦਾ ਕੀ ਦੋਸ ਹੈ, ਇਸ ਲਈ ਸਿੱਖ ਇਸ ਰਿਆਸਤ ਨੂੰ ਸਨਮਾਨ ਨਾਲ ਦੇਖਦੇ ਹਨ. ਗੁਰਪ੍ਰਤਾਪਸੂਰਯ ਵਿੱਚ ਭੀ ਲਿਖਿਆ ਹੈ ਕਿ ਦਸਮ ਗੁਰੂ ਜੀ ਨੇ ਫਰਮਾਇਆ "ਇਕ ਮਲੇਰੀਅਨ ਕੀ ਜੜ ਹਰੀ."
Source: Mahankosh