Definition
ਮੈਲ ਪੀਣ ਵਾਲਾ. ਅੰਤੜੀ ਦੀ ਮੈਲ ਅੰਦਰ ਪੈਦਾ ਹੋਇਆ ਕੀੜਾ. ਮਲ- ਸੱਪ. ਸੰ. ਆਂਤ੍ਰਕ੍ਰਿਮਿ. [دیِدانِشکم] ਦੀਦਾਨੇ ਸ਼ਿਕਮ. Intestinal Worms.#ਜੋ ਭਾਰੀ ਅਤੇ ਲੇਸਲੀਆਂ ਚੀਜਾਂ ਖਾਂਦਾ ਹੈ, ਬਹੁਤ ਖੱਟੇ ਅਰ ਮਿੱਠੇ ਦਾ ਸੇਵਨ ਕਰਦਾ ਹੈ, ਕਸਰਤ ਕੁਝ ਨਹੀਂ ਕਰਦਾ, ਬਹੁਤ ਸੌਂਦਾ ਹੈ ਅਤੇ ਫਲ ਸਾਗ ਆਦਿ ਨਾਲ ਕੀੜਿਆਂ ਦੇ ਆਂਡੇ ਖਾ ਜਾਂਦਾ ਹੈ, ਉਸ ਦੀ ਅੰਤੜੀ ਵਿੱਚ ਮਲੱਪ ਪੈਦਾ ਹੋ ਜਾਂਦੇ ਹਨ, ਇਨ੍ਹਾਂ ਕੀੜਿਆਂ ਦੋ ਹੋਣ ਕਰਕੇ ਪੇਟ ਭਾਰੀ ਰਹਿਂਦਾ ਹੈ, ਮੁਸਮੁਸੀ ਹੁੰਦੀ ਹੈ, ਸੁੱਤੇ ਪਏ ਮੂੰਹ ਤੋਂ ਲਾਲਾਂ ਵਗਦੀਆਂ ਹਨ, ਨੱਕ ਵਿੱਚ ਖੁਰਕ ਹੁੰਦੀ ਹੈ, ਮੂੰਹੋਂ ਦੁਰਗੰਧ ਆਉਂਦੀ ਹੈ, ਭੁੱਖ ਘੱਟ ਲੱਗਦੀ ਹੈ.#ਇਸ ਦਾ ਸਾਧਾਰਣ ਇਲਾਜ ਹੈ- ਅਨਾਰ ਦੀ ਛਿੱਲ ਦਾ ਕਾੜ੍ਹਾ ਤਿਲਾਂ ਦਾ ਤੇਲ ਮਿਲਾਕੇ ਪੀਣਾ.#ਖੈਰ ਦੀ ਛਿੱਲ, ਕੁੜਾ ਦੀ ਛਿੱਲ, ਨਿੰਮ ਦੀ ਛਿੱਲ, ਬਚ, ਤ੍ਰਿਕੁਟਾ, ਤ੍ਰਿਫਲਾ, ਤ੍ਰਿਵੀ, ਇਨ੍ਹਾਂ ਦਾ ਚੂਰਣ ਸੌਂਫ ਦੇ ਅਰਕ ਨਾਲ ਛੱਕਣਾ. ਬਾਇਬੜਿੰਗ ਸਾਢੇ ਤਿੰਨ ਮਾਸ਼ੇ ਨਾਲ, ਬਰੋਬਰ ਖੰਡ ਮਿਲਾਕੇ ਪਾਣੀ ਨਾਲ ਫੱਕਣੀ.#ਮਲ ਖਾਰਿਜ ਕਰਨ ਵਾਲੀਆਂ. ਦਵਾਈਆਂ ਵਰਤਣੀਆਂ.
Source: Mahankosh