Definition
ਜਿਲਾ ਗੁਜਰਾਤ, ਤਸੀਲ ਫਾਲੀਆ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੰਡੀ ਬਹਾਉੱਦੀਨ ਤੋਂ ਛੀ ਮੀਲ ਹੈ. ਸ਼੍ਰੀ ਗੁਰੂ ਅਰਜਨਸਾਹਿਬ ਦੇ ਪ੍ਰੇਮੀ ਸਿੱਖ ਭਾਈ ਬੰਨੋ ਜੀ ਇੱਥੇ ਨਿਵਾਸ ਕਰਦੇ ਸਨ.#ਭਾਈ ਬੰਨੋ ਵਾਲੀ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਕਿਤਾਬੀ ਸ਼ਕਲ ਦੀ ਬੀੜ ਇੱਥੇ ਹੈ, ਜਿਸਦੇ ਪਤ੍ਰੇ ੪੬੭ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਸਲੋਕ ਪਿੱਛੋਂ ਲਿਖੇ ਗਏ ਹਨ.#ਸਿੱਖਰਾਜ ਵੇਲੇ ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਇੱਕ ਸੁੰਦਰ ਮੰਦਿਰ ਤਾਲ ਦੇ ਕਿਨਾਰੇ ਬਣਵਾਇਆ ਗਿਆ ਅਤੇ ਚੋਖੀ ਜਾਗੀਰ ਨਾਲ ਲਾਈ ਗਈ ਸੀ, ਪਰ ਪੁਜਾਰੀਆਂ ਨੇ ਜਾਗੀਰ ਆਪਣੇ ਨਾਉਂ ਕਰਾ ਲਈ. ਪ੍ਰਾਚੀਨ ਗੁਰੂ ਗ੍ਰੰਥਸਾਹਿਬ ਜੀ ਨੂੰ ਭਾਈ ਬੰਨੋ ਜੀ ਦੀ ਔਲਾਦ ਦੇ ਲੋਕ ਵਾਰੋਵਾਰੀ ਆਪਣੇ ਘਰੀਂ ਰੱਖਦੇ ਹਨ. ਮਸ੍ਯਾ (ਅਮਾਵਸ) ਅਤੇ ਸੰਕ੍ਰਾਂਤਿ ਨੂੰ ਮੰਦਿਰ ਵਿੱਚ ਲਿਆਕੇ ਪ੍ਰਕਾਸ਼ ਕਰਦੇ ਹਨ, ਪੂਜਾ ਵਾਰੀ ਵਾਲਾ ਲੈਂਦਾ ਹੈ, ਦੇਖੋ, ਗ੍ਰੰਥਸਾਹਿਬ ਸ਼ਬਦ.
Source: Mahankosh