Definition
ਸੰ. मान्धातृ- ਮਾਂਧਾਤ੍ਰਿ. ਇਹ ਇਕ੍ਹਾਕੁਵੰਸ਼ੀ ਰਾਜਾ ਯੁਵਨਾਸ਼੍ਵ ਦਾ ਪੁਤ੍ਰ ਸੀ. ਹਰਿਵੰਸ਼ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਕੁਦਰਤ ਦੇ ਨਿਯਮ ਅਨੁਸਾਰ ਅਪਣੀ ਮਾਤਾ ਗੌਰੀ ਦੇ ਉਦਰੋਂ ਉਤਪੰਨ ਹੋਇਆ ਸੀ, ਪਰ ਵਿਸਨੁਪੁਰਾਣ ਅਤੇ ਭਾਗਵਤ ਵਿੱਚ ਇੱਕ ਵਿਚਿਤ੍ਰ ਕਥਾ ਲਿਖੀ ਹੈ ਕਿ ਯੁਵਨਾਸ਼੍ਹ ਦੇ ਕੋਈ ਪੁਤ੍ਰ ਨਹੀਂ ਸੀ, ਇਸ ਲਈ ਉਸ ਨੂੰ ਵਡਾ ਫਿਕਰ ਹੋਇਆ. ਕਈ ਰਿਖੀਆਂ ਨੇ ਹਵਨ ਆਦਿ ਕੀਤੇ ਕਿ ਰਾਜੇ ਦੇ ਘਰ ਪੁੱਤ ਹੋਵੇ. ਇੱਕ ਦਿਨ ਉਨ੍ਹਾਂ ਨੇ ਇੱਕ ਪਵਿਤ੍ਰ ਜਲ ਦਾ ਘੜਾ ਇੱਕ ਉੱਚੀ ਜੇਹੀ ਥਾਂ ਤੇ ਪੂਜਾ ਲਈ ਰੱਖਿਆ, ਤਾਂ ਉਸ ਜਲ ਵਿੱਚ ਬੱਚਾ ਪੈਦਾ ਕਰਨ ਦੀ ਸ਼ਕਤਿ ਆ ਗਈ. ਰਾਤ ਨੂੰ ਯੁਵਨਾਸ਼੍ਹ ਨੂੰ ਪਿਆਸ ਲੱਗੀ. ਤਾਂ ਉਸ ਨੇ ਓਹ ਜਲ ਪੀਲਿਆ. ਜਲ ਦੇ ਪੀਣ ਨਾਲ ਉਸ ਨੂੰ ਗਰਭ ਹੋਗਿਆ, ਅਤੇ ਠੀਕ ਸਮੇਂ ਪੁਰ ਸੱਜੀ ਵੱਖੀ ਵਿੱਚੋਂ ਬਾਲਕ ਜਨਮਿਆ, ਜਦ ਰਿਖੀਆਂ ਨੇ ਪੁੱਛਿਆ ਕਿ ਇਸ ਬਾਲਕ ਨੂੰ ਦੁੱਧ ਕੌਣ ਪਿਆਵੇਗਾ, ਤਦ ਇੰਦ੍ਰ ਨੇ ਮੰਮੇ ਦੀ ਥਾਂ ਆਪਣੀ ਇੱਕ ਉਂਗਲ ਦੇਕੇ ਆਖਿਆ ਕਿ ਮੈਂ ਇਸ ਨੂੰ ਧਾਰਨ (ਪਾਲਨ) ਕਰਾਂਗਾ. ਇਸ ਲਈ ਬਾਲਕ ਦਾ ਨਾਮ "ਮਾਂਧਾਤ੍ਰਿ" ਰੱਖਿਆ ਗਿਆ। "ਮਾਂਧਾਤਾ ਗੁਣ ਰਵੈ." (ਸਵੈਯੇ ਮਃ ੧. ਕੇ)
Source: Mahankosh