ਮਾਛੀਵਾੜਾ
maachheevaarhaa/māchhīvārhā

Definition

ਜਿਲਾ ਲੁਦਿਆਨੇ ਦੀ ਸਮਰਾਲਾ ਤਸੀਲ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਲੁਦਿਆਨੇ ਤੋਂ ਉੱਤਰ ਪੂਰਵ ੨੭, ਅਤੇ ਖੰਨੇ ਤੋਂ ੧੬. ਮੀਲ ਹੈ. ਇੱਥੇ ਗੁਲਾਬਚੰਦ ਮਸੰਦ ਦੇ ਘਰ ਚਮਕੌਰ ਤੋਂ ਆਕੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਪੋਹ ਸੰਮਤ ੧੭੬੧ ਵਿੱਚ ਠਹਿਰੇ ਸਨ. ਇਸੇ ਥਾਂ ਨੀਲਾਬਾਣਾ ਧਾਰਕੇ ਉੱਚ ਦੇ ਪੀਰ ਬਣੇ ਹਨ. ਗਨੀਖ਼ਾ ਅਤੇ ਨਬੀਖਾਂ ਪਠਾਣ ਇਸੇ ਪਿੰਡ ਦੇ ਵਸਨੀਕ ਸਨ, ਜਿਨ੍ਹਾਂ ਨੇ ਕਲਗੀਧਰ ਦੀ ਤਨ ਮਨ ਤੋਂ ਸੇਵਾ ਕੀਤੀ ਅਰ ਕਈ ਮੰਜ਼ਿਲ ਗੁਰੂ ਸਾਹਿਬ ਦਾ ਪਲੰਘ ਉਠਾਕੇ ਲੈ ਗਏ. ਉਨ੍ਹਾਂ ਨੂੰ ਜੋ ਹੁਕਮਨਾਮਾ ਸਤਿਗੁਰੂ ਨੇ ਬਖ਼ਸ਼ਿਆ ਹੈ ਉਹ ਹੁਣ ਉਨ੍ਹਾਂ ਦੀ ਔਲਾਦ ਪਾਸ ਹੈ. ਦੇਖੋ, ਗਨੀਖ਼ਾਂ.#ਗੁਲਾਬੇ ਦੋ ਘਰ ਵਾਲਾ ਗੁਰਦ੍ਵਾਰਾ ਨਹੀ, ਬਣਾਇਆ ਗਿਆ. ਗੁਲਾਬੇ ਦੇ ਬਾਗ ਵਿੱਚ ਜਿੱਥੇ ਕਲਗੀਧਰ ਪਹਿਲਾਂ ਠਹਿਰੇ ਸਨ, ਅਤੇ ਜਿਸ ਥਾਂ ਭਾਈ ਧਰਮਸਿੰਘ, ਮਾਨਸਿੰਘ ਅਤੇ ਦਯਾਸਿੰਘ ਜੀ ਚਮਕੌਰ ਤੋਂ ਆਕੇ ਸਤਿਗੁਰੂ ਨੂੰ ਮਿਲੇ, ਉੱਥੇ ਗੁਰਦ੍ਵਾਰਾ ਹੈ, ਜੋ ਕਸਬੇ ਤੋਂ ਇੱਕ ਮੀਲ ਪੂਰਵ ਹੈ. ਮਹਾਰਾਜਾ ਰਣਜੀਤ ਸਿੰਘ ਦੀ ਲਗਾਈ ੨੭੦ ਵਿੱਘੇ ਜ਼ਮੀਨ ਹੈ. ਪੁਜਾਰੀ ਨਿਹੰਗਸਿੰਘ ਹੈ.
Source: Mahankosh