ਮਾਰਕੰਡੇਯ
maarakandayya/mārakandēya

Definition

ਮ੍ਰਿਕੰਡੁ ਰਿਖੀ ਦਾ ਪੁਤ੍ਰ- मार्कण्डेय. ਨ੍ਰਿਸਿੰਘ ਪੁਰਾਣ ਵਿੱਚ ਕਥਾ ਹੈ ਕਿ ਜਦ ਮਨਸ੍ਵਿਨੀ ਦੇ ਗਰਭ ਤੋਂ ਮਾਰਕੰਡੇਯ ਜਨਮਿਆ, ਤਾਂ ਮ੍ਰਿਕੰਡੁ ਨੇ ਜਾਣ ਲਿਆ ਕਿ ਬਾਲਕ ਬਾਰਾਂ ਵਰ੍ਹੇ ਦਾ ਹੋਕੇ ਮਰ ਜਾਵੇਗਾ, ਇਸ ਲਈ ਮਾਤਾ ਪਿਤਾ ਸਦਾ ਦੁਖੀ ਰਹਿਂਦੇ ਸਨ. ਇੱਕ ਦਿਨ ਮਾਂ ਬਾਪ ਨੂੰ ਉਦਾਸ ਦੇਖਕੇ ਮਾਰਕੰਡੇਯ ਨੇ ਕਾਰਣ ਪੁੱਛਿਆ, ਤਾਂ ਉਨ੍ਹਾਂ ਨੇ ਪੁਤ੍ਰ ਨੂੰ ਉਸ ਦੀ ਥੋੜੀ ਉਮਰ ਹੋਣ ਦਾ ਸਬਬ ਦੱਸਿਆ. ਇਸ ਪੁਰ ਮਾਰਕੰਡੇਯ ਨੇ ਐਸਾ ਘੋਰ ਤਪ ਕੀਤਾ ਕਿ ਵਿਸਨੁ ਤੋਂ ਦੀਰਘਜੀਵੀ ਹੋਣ ਦਾ ਵਰ ਪਾਇਆ.#ਪਦਮਪੁਰਾਣ ਵਿੱਚ ਕਥਾ ਹੈ ਕਿ ਮ੍ਰਿਕੰਡੁ ਰਿਖੀ ਦੇ ਘਰ ਸੱਤ ਰਿਖੀ ਆਏ, ਬਾਲਕ ਮਾਰਕੰਡੇਯ ਨੇ ਉਨਾ ਨੂੰ ਪ੍ਰਣਾਮ ਕੀਤਾ, ਰਿਖੀਆਂ ਨੇ ਆਸ਼ੀਰਵਾਦ ਦਿੱਤਾ ਕਿ ਦੀਰਘਜੀਵੀ ਹੋਵੇ. ਪਿੱਛੋਂ ਰਿਖੀਆਂ ਨੇ ਦੇਖਿਆ ਕਿ ਮਾਰਕੰਡੇਯ ਦੀ ਉਮਰ ਬਹੁਤ ਛੋਟੀ ਹੇ ਅਰ ਅਸੀਂ ਦੀਰਘਜੀਵੀ ਹੋਣ ਦਾ ਵਰ ਦੇ ਚੁੱਕੇ ਹਾਂ, ਇਸ ਕਾਰਣ ਬਾਲਕ ਨੂੰ ਬ੍ਰਹਮਾ ਪਾਸ ਲੈਗਏ ਅਰ ਵਡੀ ਉਮਰ ਵਾਲਾ ਹੋਣ ਦਾ ਵਰ ਦਿਵਾਇਆ. ਮਾਰਕੰਡੇਯ ਦੀ ਇਸਤ੍ਰੀ ਧੂਮਾਵਤੀ ਅਤੇ ਪੁਤ੍ਰ ਵੇਦਸ਼ਿਰਾ ਸੀ. "ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ." (ਧਨਾ ਨਾਮਦੇਵ)#੨. ਮਾਰਕੰਡੇਯ ਦੇ ਨਾਮ ਪੁਰ ਇੱਕ ਨੌ ਹਜ਼ਾਰ ਸ਼ਲੋਕ ਦਾ ਪੁਰਾਣ ਪ੍ਰਸਿੱਧ ਹੈ, ਜਿਸ ਵਿੱਚ ਹੋਰ ਪ੍ਰਸੰਗਾਂ ਤੋਂ ਛੁੱਟ ਦੁਰ੍‍ਗਾ ਦੀ ਕਥਾ ਹੈ. ਜਿਸ ਨੂੰ ਚੰਡੀ ਪਾਠ ਅਤੇ ਦੁਰ੍‍ਗਾਸਤਸ਼ਤੀ ਆਖਦੇ ਹਨ. ਇਸੇ ਦਾ ਸ੍ਵਤੰਤ੍ਰ ਅਨੁਵਾਦ ਦਸਮਗ੍ਰੰਥ ਵਿੱਚ ਦੋ ਚੰਡੀਚਰਿਤ੍ਰ ਅਤੇ ਚੰਡੀ ਦੀ ਵਾਰ ਹੈ।#੩. ਨਾਹਨ ਰਾਜ ਦੇ ਬੜਾਬਨ ਅਸਥਾਨ ਤੋਂ, ਜੋ ਕਟਾਸਨ ਦੁਰਗਾਮੰਦਿਰ ਦੇ ਹੇਠ ਹੈ, ਨਿਕਲਿਆ ਇੱਕ ਛੋਟਾ ਦਰਿਆ, ਜੋ ਨਾਹਨ ਦੇ ਇਲਾਕੇ ਬਹੁਤ ਆਬਪਾਸ਼ੀ ਕਰਦਾ ਹੈ. ਇਹ ਕਾਲਾ ਅੰਬ ਪਾਸ ਅੰਬਾਲੇ ਦੇ ਜਿਲੇ ਅੰਦਰ ਪ੍ਰਵੇਸ਼ ਹੁੰਦਾ ਹੈ.
Source: Mahankosh