Definition
ਸ਼੍ਰੀ ਗੁਰੂ ਅਮਰਦੇਵ ਜੀ ਦਾ ਸਿੱਖ, ਜਿਸ ਨੂੰ ਸਤਿਗੁਰੂ ਨੇ ਵਿਦ੍ਯਾਅਭ੍ਯਾਸ ਦਾ ਉਪਦੇਸ਼ ਦੋਕੇ ਵਿਦ੍ਯਾਪ੍ਰਚਾਰਕ ਥਾਪਿਆ। ੨. ਰਾਜਪੂਤਾਂ ਦੀ ਇੱਕ ਜਾਤਿ. "ਮੱਲਣ ਹਾਸ ਚੌਹਾਣ ਚਿਤਾਰੀ." (ਭਾਗੁ) ੩. ਜਿਲਾ ਫਿਰੋਜਪੁਰ, ਤਸੀਲ ਮੁਕਤਸਰ ਥਾਣਾ ਕੋਟਭਾਈ ਦਾ ਇਕ ਪਿੰਡ, ਜੋ ਰੇਲਵੇ ਸਟੇਸ਼ਨ ਜੈਤੋਂ ਤੋਂ ਛੀ ਕੋਹ ਹੈ. ਇਸ ਪਿੰਡ ਤੋਂ ਉੱਤਰ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮੁਕਤਸਰ ਵੱਲ ਜਾਂਦੇ ਇੱਥੇ ਥੋੜਾ ਸਮਾਂ ਠਹਿਰੇ ਹਨ. ਦਰਬਾਰ ਬਣਿਆ ਹੋਇਆ ਹੈ. ਪਿੰਡ ਦੇ ਸਿੰਘ ਹੀ ਸੇਵਾ ਕਰਦੇ ਹਨ. ਮੱਲਣ ਵਿੱਚ ਬਾਬਾ ਕੌਲ ਜੀ ਦੀ ਵੰਸ਼ ਦੇ ਸੋਢੀ ਜਾਗੀਰਦਾਰ ਹਨ. ਜਿਨ੍ਹਾਂ ਨੂੰ ਸਿੱਖਰਾਜ ਵੇਲੇ ਦੀ ਜਾਗੀਰ ਲੁਹਾਰਾ ਅਤੇ ਸਮਾਘ ਪਿੰਡ ਹਨ, ਪਟਿਆਲੇ ਵੱਲੋਂ ਰੋਗਲਾ ਅਤੇ ਬੁਚੜਾ ਪਿੰਡ ਨਜਾਮਤ ਸੁਨਾਮ ਵਿੱਚ ਹਨ, ਨਾਭੇ ਤੋਂ ਜੈਦ ਪਿੰਡ ਨਜਾਮਤ ਫੂਲ ਵਿੱਚ ਹੈ. ਖਾਨਦਾਨ ਦੇ ਮੁਖੀਏ ਇਸ ਵੇਲੇ ਸੋਢੀ ਨਗੀਨ ਸਿੰਘ ਜੀ ਅਤੇ ਬਸੰਤ ਸਿੰਘ ਜੀ ਹਨ। ੪. ਦੇਖੋ, ਮੱਲਣਾ.
Source: Mahankosh