Definition
ਰਿਆਸਤ ਮੰਡੀ ਵਿੱਚ ਪਹਾੜ ਦੀ ਸਿਕੰਦਰਧਾਰਾ ਦਾ ਇੱਕ ਤਾਲ, ਜੋ ਪ੍ਰਸਿੱਧ ਤੀਰਥ ਹੈ. ਇਹ ਰਾਜਧਾਨੀ ਮੰਡੀ ਤੋਂ ਦਸ ਮੀਲ ਪੱਛਮ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਇਸ ਤੀਰਥ ਦੇ ਵੈਸਾਖੀ ਮੇਲੇ ਪੁਰ ਪਹਾੜੀ ਰਾਜਿਆਂ ਨੂੰ ਸੁਮਤਿ ਦੇਣ ਲਈ ਇੱਕ ਵਾਰ ਪਧਾਰੇ ਸਨ. ਤਾਲ ਦੇ ਕਿਨਾਰੇ ਇੱਕ ਉੱਚੇ ਥਾਂ ਗੁਰੂਸਾਹਿਬ ਦੇ ਵਿਰਾਜਨ ਦੇ ਥਾਂ ਦਮਦਮਾ ਬਣਿਆ ਹੋਇਆ ਹੈ. ਰਵਾਲਸਰ ਤਾਲ ਪਾਸ ਜੋ ਵਸਤੀ ਹੈ, ਉਸ ਦਾ ਨਾਮ ਭੀ ਰਵਾਲਸਰ ਹੋ ਗਿਆ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ੭੫ ਮੀਲ ਪੂਰਵ ਹੈ. ਜੇਜੋਂ ਦੁਆਬਾ ਸਟੇਸ਼ਨ ਤੋਂ ੬੪ ਮੀਲ ਹੈ. ਪੜਾਉ ਭਾਂਬਲਾ ਤੋਂ ਜੋ ਜਰਨੈਲੀ ਸੜਕ ਮੰਡੀ ਨੂੰ ਜਾਂਦੀ ਹੈ, ਉਸ ਦੇ ਨੌਵੇਂ ਮੀਲ ਤੋਂ ਤਿੰਨ ਮੀਲ ਉੱਤਰ ਹੈ. ਹੁਣ ਪਠਾਨਕੋਟ ਤੋਂ ਛੋਟੀ ਪਟੜੀ ਦੀ ਰੇਲ ਮੰਡੀ ਲਈ ਤਿਆਰ ਹੋ ਗਈ ਹੈ.
Source: Mahankosh