Definition
ਕਈ ਲੇਖਕਾਂ ਨੇ ਰਾਜਾ ਰਾਮਰਾਇ ਦਾ ਇਹ ਨਾਮ ਲਿਖ ਦਿੱਤਾ ਹੈ. ਦੇਖੋ, ਰਤਨਰਾਯ। ੨. ਇੱਕ ਖਤ੍ਰੀ ਸਿੱਖ, ਜੋ ਦਿੱਲੀ ਵਿੱਚ ਮਾਲੀ ਅਹੁਦੇਦਾਰ ਸੀ. ਇਹ ਮਾਤਾ ਸੁੰਦਰੀ ਜੀ ਦੀ ਤਨ ਮਨ ਧਨ ਤੋਂ ਸੇਵਾ ਕਰਦਾ ਰਿਹਾ। ੩. ਗਿਆਨੀਆਂ ਦਾ ਕਲਪਿਆ ਹੋਇਆ ਇੱਕ ਬਨਾਰਸ ਦਾ ਹਲਵਾਈ। ੪. ਮਰਹਟਾਪਤਿ ਸ਼ਿਵਾ ਜੀ ਦੇ ਨਾਬਾਲਗ ਪੋਤੇ ਸਾਹੋ ਜੀ ਦਾ ਚਾਚਾ ਅਤੇ ਸਰਪਰਸ੍ਤ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੇਵਕ ਰਾਜਪੂਤ, ਜੋ ਗੁਰੂ ਸਾਹਿਬ ਦੀ ਚਿਤਾ ਵਿੱਚ ਜਲਕੇ ਭਸਮ ਹੋਗਿਆ. ਦੇਖੋ, ਦਬਿਸਤਾਨੇ ਮਜਾਹਬ। ੬. ਸਭ ਦੇ ਪ੍ਰਕਾਸ਼ਣ ਵਾਲਾ ਪ੍ਰਕਾਸ਼ਰੂਪ ਕਰਤਾਰ. "ਰਾਜਾਰਾਮੁ ਮਉਲਿਆ ਅਨਤਭਾਇ." (ਬਸੰ ਕਬੀਰ) ੭. ਇੱਕ ਸਾਰਸ੍ਵਤ ਬ੍ਰਾਹਮਣ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ, ਆਤਮਗ੍ਯਾਨੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ. ਭਾਈ ਰਾਜਾਰਾਮ ਦੀ ਔਲਾਦ ਹੁਣ ਪਿੰਡ ਸੰਧਮਾ (ਜਿਲਾ ਜਲੰਧਰ) ਵਿੱਚ ਵਸਦੀ ਹੈ.
Source: Mahankosh