ਰਾਣੀ ਕਾ ਰਾਇਪੁਰ
raanee kaa raaipura/rānī kā rāipura

Definition

ਇੱਕ ਪੁਰਾਣਾ ਕਸਬਾ, ਜੋ ਜਿਲਾ ਅੰਬਾਲਾ, ਤਸੀਲ ਨਰਾਇਨਗੜ੍ਹ ਵਿੱਚ ਹੈ. ਇੱਥੇ ਰਾਉ ਬਲਦੇਵਸਿੰਘ ਦੇ ਕਿਲੇ ਅੰਦਰ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦੇ ਆਉਣ ਸਮੇਂ ਰਾਜਾ ਫਤੇਸਿੰਘ ਸੀ. ਉਸ ਨੇ ਪੜੋਸੀ ਪਠਾਣਾਂ ਤੋਂ ਡਰਦੇ ਗੁਰੂ ਜੀ ਨੂੰ ਠਹਿਰਨ ਨਹੀਂ ਦਿੱਤਾ ਸੀ. ਗੁਰੂ ਸਾਹਿਬ ਮਾਣਕਟਬਰੇ ਜਾ ਠਹਿਰੇ. ਰਾਜਾ ਫਤੇਸਿੰਘ ਦੀ ਰਾਣੀ ਨੂੰ ਪਤਾ ਲੱਗਾ, ਤਾਂ ਉਸ ਨੇ ਗੁਰੂ ਜੀ ਨੂੰ ਬੇਨਤੀ ਕਰਕੇ ਬੁਲਾਇਆ ਅਰ ਪ੍ਰਸਾਦ ਛਕਾਇਆ, ਤਦ ਤੋਂ ਗੁਰੂ ਜੀ ਦੇ ਵਚਨ ਨਾਲ "ਰਾਣੀ ਕਾ ਰਾਇਪੁਰ" ਮਸ਼ਹੂਰ ਹੋਇਆ. ਰਾਣੀ ਨੂੰ ਗੁਰੂ ਜੀ ਨੇ ਖੰਡਾ ਬਖਸ਼ਿਆ ਸੀ, ਜੋ ਹੁਣ ਉਸ ਦੀ ਔਲਾਦ ਪਾਸ ਨਹੀਂ ਹੈ. ਰਾਜਾ ਫਤੇਸਿੰਘ ਤੋਂ ਸੱਤਵੀਂ ਪੀੜ੍ਹੀ ਰਾਉ ਬਲਦੇਵ ਸਿੰਘ ਹੈ. ਗੁਰਦ੍ਵਾਰੇ ਦੀ ਹਾਲਤ ਢਿੱਲੀ ਹੈ.
Source: Mahankosh