Definition
ਇਹ ਇੱਕ ਖੇਡ ਹੈ, ਜਿਸ ਵਿੱਚ ੮੧ ਟਾਹਣੀਆਂ (ਗੋਟੀਆਂ ਅਥਵਾ ਠੀਕਰੀਆਂ ਆਦਿ) ਰੱਖਣ ਦੀ ਥਾਂ ਹੁੰਦੀ ਹੈ, ਤੇ ਹਰੇਕ ਟਾਹਣੀ ਦੀ ਗਤੀ ਇੱਕ ਘਰ ਹੁੰਦੀ ਹੈ. ਟਾਹਣੀ ਸ਼ਤਰੰਜ ਦੇ ਵਜ਼ੀਰ ਵਾਕਰ ੮. ਪਾਸਿਆਂ ਵੱਲ ਮਾਰ ਕਰ ਸਕਦੀ ਹੈ। ਜੇਕਰ ਟਾਹਣੀ ਦੇ ਆਸ ਪਾਸ, ਕੋਈ ਟਾਹਣੀ ਦੂਜੇ ਫਰੀਕ ਦੀ ਪਈ ਹੋਵੇ, ਤੇ ਉਸ ਤੋਂ ਅਗਲਾ ਘਰ ਖਾਲੀ ਹੋਵੇ, ਤਦ ਇਹ ਟਾਹਣੀ ਉਸ ਦੇ ਉੱਪਰੋਂ ਟੱਪਕੇ ਉਸ ਖਾਲੀ ਘਰ ਵਿੱਚ ਜਾ ਬੈਠਦੀ ਹੈ, ਤੇ ਜਿਸ ਦੇ ਉੱਪਰੋਂ ਲੰਘ ਜਾਵੇ, ਉਹ ਜਿੱਤੀ ਹੋਈ ਸਮਝਕੇ ਪਿੜ ਵਿੱਚੋਂ ਉੱਠਾ ਲਈ ਜਾਂਦੀ ਹੈ.#ਇਸ ਦੇ ਖੇਡਣ ਦਾ ਢੰਗ ਇਹ ਹੈ ਕਿ ਦੋ ਖਿਡਾਰੀ ਆਮੋ ਸਾਹਮਣੇ ੪੦- ੪੦ ਟਾਹਣੀਆਂ (ਵੱਖ- ਵੱਖ ਰੰਗ ਦੀਆਂ) ਰੱਖਕੇ ਬੈਠ ਜਾਂਦੇ ਹਨ ਤੇ ੮੧ਵਾਂ (ਵਿਚਕਾਰਲਾ) ਥਾਂ ਪਹਿਲੀ ਚਾਲ ਵਾਸਤੇ ਖਾਲੀ ਰੱਖ ਲਿਆ ਜਾਂਦਾ ਹੈ. ਬਾਜੇ ਵੇਲੇ ਇੱਕੋ ਵਕਤ ਵਿੱਚ ਚਾਰ ਚਾਰ ਛੇ ਛੇ ਮਾਰਾਂ ਭੀ ਇੱਕੋ ਚਾਲ ਨਾਲ ਮਾਰੀਆਂ ਜਾ ਸਕਦੀਆਂ ਹਨ. ਜਦ ਤਕ ਇੱਕ ਟਾਹਣੀ ਨੂੰ ਟੱਪਕੇ ਅੱਗੇ ਖਾਲੀ ਥਾਂ ਮਿਲਦੀ ਜਾਏ, ਤਦ ਤਕ ਚਾਲ ਜਾਰੀ ਰਹਿਂਦੀ ਹੈ. ਜਿਸ ਵੇਲੇ ਇੱਕ ਦੀਆਂ ਟਾਹਣਾਂ ਮੁਕ ਜਾਣ ਤਾਂ ਉਸ ਦੀ ਹਾਰ ਹੋ ਜਾਂਦੀ ਹੈ. ਬਾਜ਼ ਵਕਤ ਦੋਹਾਂ ਪਾਸਿਆਂ ਦੀ ਇੱਕ ਇੱਕ ਦੋ ਦੋ ਯਾਂ ਤਿੰਨ ਤਿੰਨ ਟਾਹਣਾਂ ਰਹਿ ਜਾਂਦੀਆਂ ਹਨ, ਤਾਂ ਬਾਜੀ ਬਰਾਬਰ ਸਮਝੀ ਜਾਂਦੀ ਹੈ. ਓਹ ਨਾ ਕਿਸੇ ਦੀ ਹਾਰ ਹੋਈ ਤੇ ਨਾ ਕਿਸੇ ਦੀ ਜਿੱਤ ਹੋਈ ਸਮਝੀ ਜਾਂਦੀ ਹੈ.#ਖੇਡ ਬੜੀ ਸਾਧਾਰਣ ਹੈ ਅਰ ਆਮ ਕਰਕੇ ਪਿੰਡਾਂ ਵਿੱਚ ਖੇਡੀ ਜਾਂਦੀ ਹੈ. ਚੌਪਟ. ਸ਼ਤਰੰਜ ਆਦਿਕ ਨਾਲੋਂ ਸੁਖੈਨ ਤੇ ਸੁਲਭ ਹੈ. ਜਿੱਥੇ ਜੀ ਚਾਹੇ, ਲਕੀਰਾਂ ਪਾਕੇ ਰੋੜਾਂ ਠੀਕਰੀਆਂ ਨਾਲ ਸ਼ੁਰੂ ਹੋ ਸਕਦੀ ਹੈ. "ਜ੍ਯੋਂ ਚੌਪੜ ਸ਼ਤਰੰਜ ਗੰਜਫਾ ਰਾਮਚੌਕ." (ਗੁਪ੍ਰਸੂ) ਦੇਖੋ, ਅੱਗੇ ਦਿੱਤਾ ਰਾਮਚੌਕ ਦਾ ਚਿਤ੍ਰ.#(fig.)
Source: Mahankosh