Definition
ਮਾਤਾ ਕੋਟਕਲ੍ਯਾਣੀ ਦੇ ਉਦਰ ਤੋਂ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਵਡੇ ਪੁਤ੍ਰ, ਜਿਨ੍ਹਾਂ ਦਾ ਜਨਮ ਸੰਮਤ ੧੭੦੩ ਵਿੱਚ ਕੀਰਤਪੁਰ ਹੋਇਆ. ਔਰੰਗਜ਼ੇਬ ਨੇ ਜਦ ਸੱਤਵੇਂ ਪਾਤਸ਼ਾਹ ਨੂੰ ਤਲਬ ਕੀਤਾ, ਤਦ ਉਨ੍ਹਾਂ ਨੇ ਸਾਹਿਬਜਾਦਾ ਰਾਮਰਾਇ ਜੀ ਨੂੰ ਦਿੱਲੀ ਭੇਜਿਆ. ਇਨ੍ਹਾਂ ਨੇ ਆਪਣੀ ਚਤੁਰਾਈ ਨਾਲ ਔਰੰਗਜ਼ੇਬ ਨੂੰ ਪ੍ਰਸੰਨ ਰੱਖਿਆ. ਇੱਕ ਦਿਨ ਬਾਦਸ਼ਾਹ ਨੇ ਕਿਸੇ ਦੇ ਸਿਖਾਉਣ ਪੁਰ ਪੁੱਛਿਆ ਕਿ ਸ਼੍ਰੀ ਗੁਰੂ ਨਾਨਕਸਾਹਿਬ ਨੇ- "ਮਿਟੀ ਮੁਸਲਮਾਨ ਕੀ" ਸਲੋਕ ਵਿੱਚ ਇਸਲਾਮ ਦੀ ਹਤਕ ਕਿਉਂ ਕੀਤੀ ਹੈ? ਬਾਬਾ ਰਾਮਰਾਇ ਨੇ ਉੱਤਰ ਦਿੱਤਾ ਕਿ ਪਾਠ- "ਮਿਟੀ ਬੇਈਮਾਨ ਕੀ" ਹੈ, ਮੁਸਲਮਾਨ ਕੀ ਨਹੀਂ, ਜਿਸ ਪੁਰ ਮੁਆਮਲਾ ਸ਼ਾਂਤ ਹੋ ਗਿਆ.#ਜਦ ਇਹ ਖਬਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਪਾਸ ਪੁੱਜੀ, ਤਦ ਆਪ ਨੇ ਫਰਮਾਇਆ ਕਿ ਰਾਮਰਾਇ ਨੇ ਖ਼ੁਸ਼ਾਮਦ ਕਰਕੇ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਵਾਕ ਪਲਟਿਆ ਹੈ, ਇਸ ਲਈ ਸਾਡੇ ਮੱਥੇ ਨਾ ਲੱਗੇ. ਬਾਬਾ ਰਾਮਰਾਇ ਹਰਿਦ੍ਵਾਰ ਤੋਂ ਉੱਪਰ ਦੂਣ ਵਿੱਚ ਔਰੰਗਜ਼ੇਬ ਤੋਂ ਜਾਗੀਰ ਲੈਕੇ ਜਾ ਵਸੇ, ਜਿੱਥੇ ਉਨ੍ਹਾਂ ਦਾ ਦੇਹਾਂਤ ਭਾਦੋਂ ਸੁਦੀ ੮. ਸੰਮਤ ੧੭੪੪ ਨੂੰ ਹੋਇਆ. ਰਾਮਰਾਇ ਜੀ ਦੇ ਦੇਹਰੇ ਕਾਰਣ ਹੀ ਦੂਣ ਦਾ ਨਾਉਂ ਦੇਹਰਾਦੂਨ ਹੋ ਗਿਆ ਹੈ.#ਇਤਿਹਾਸ ਵਿੱਚ ਕਥਾ ਹੈ ਕਿ ਰਾਮਰਾਇ ਜੀ ਜਦ ਸਮਾਧਿ ਵਿੱਚ ਲੀਨ ਸਨ, ਉਸ ਵੇਲੇ ਮਸੰਦਾਂ ਨੇ ਮੁਰਦਾ ਆਖਕੇ ਸਸਕਾਰ ਦਿੱਤੇ, ਇਸੇ ਲਈ ਮਾਤਾ ਪੰਜਾਬਕੌਰ ਨੇ ਕਲਗੀਧਰ ਨੂੰ ਬੁਲਾਕੇ ਮਸੰਦਾਂ ਨੂੰ ਸਜ਼ਾ ਦਿਵਾਈ ਸੀ. ਦੇਖੋ, ਦੇਹਰਾ ਰਾਮਰਾਇ ਜੀ.
Source: Mahankosh