Definition
ਕਰਤਾਰ ਨਾਲ ਪ੍ਰੇਮ ਰੱਖਣ ਵਾਲਾ. "ਰਾਮਸਨੇਹੀ ਬਾਹਰਾ ਊਜਰੁ ਮੇਰੈ ਭਾਇ." (ਸ. ਕਬੀਰ) ੨. ਜੈਪੂਰ ਰਾਜ ਦੇ ਸੂਰਸੇਨ ਪਿੰਡ ਦਾ ਵਸਨੀਕ ਰਾਮਚਰਣ ਸੀ. ਜੋ ਦਾਤੜਾ ਗ੍ਰਾਮ (ਇਲਾਕਾ ਜੋਧਪੁਰ) ਵਿੱਚ ਇੱਕ ਵੈਸਨਵ (ਵੈਰਾਗੀ) ਦਾ ਚੇਲਾ ਹੋਇਆ. ਇਹ ਦੇਵੀ ਦੇਵਤਾ ਦੀ ਉਪਾਸਨਾ ਦਾ ਖੰਡਨ ਕਰਦਾ ਸੀ. ਇਸ ਕਾਰਣ ਬ੍ਰਾਹਮਣ ਵਿਰੋਧੀ ਹੋ ਗਏ, ਜਿਸ ਤੋਂ ਇਸ ਨੂੰ ਸ਼ਾਹਪੁਰ ਦੇ ਰਾਜਾ ਭੀਮਸਿੰਘ ਦੇ ਆਸਰੇ ਲੱਗਕੇ ਨਿਰਬਾਹ ਕਰਨਾ ਪਿਆ. ਰਾਮਚਰਣ ਦੀ ਭਗਤੀ ਅਤੇ ਕਰਣੀ ਵੇਖਕੇ ਬਹੁਤ ਚੇਲੇ ਬਣਗਏ, ਜਿਨ੍ਹਾਂ ਦੀ ਸੰਗ੍ਯਾ "ਰਾਮਸਨੇਹੀ" ਹੋਈ. ਇਸ ਸੰਪ੍ਰਦਾਯ ਦਾ ਮੁੱਖ ਅਸਥਾਨ ਸ਼ਾਹਪੁਰ ਵਿੱਚ ਹੈ. ਰਾਮਚਰਣ ਦਾ ਜਨਮ ਸੰਮਤ ੧੭੭੬ ਅਤੇ ਦੇਹਾਂਤ ੧੮੫੫ ਵਿੱਚ ਹੋਇਆ ਹੈ. ਇਸ ਨੇ ਬਹੁਤ ਵਿਸਨੁਪਦ ਅਤੇ ਦੋਹਰੇ ਰਚੇ ਹਨ, ਜਿਨ੍ਹਾਂ ਵਿੱਚ ਨਾਮ ਦੀ ਮਹਿਮਾ ਹੈ, ਯਥਾ- "ਜਿਨਿ ਜਿਨਿ ਸਿਮਰਿਆ ਨਾਮ ਨੂੰ ਸੋ ਭਵ ਉਤਰਾ ਪਾਰ। ਰਾਮਚਰਣ ਜੋ ਵਿਸਰਿਆ ਸੋਈ ਜਮਕੇ ਦ੍ਵਾਰ."#ਰਾਮਸਨੇਹੀ ਸਾਧੂ ਗ੍ਰਿਹਸਥੀ ਨਹੀਂ ਹੁੰਦੇ. ਸਾਰੇ ਨਸ਼ਿਆਂ ਤੋਂ ਪਰਹੇਜ ਕਰਦੇ ਹਨ ਅਰ ਗਹਿਣੇ ਆਦਿ ਸ਼ਰੀਰ ਦੇ ਸਿੰਗਾਰਾਂ ਨੂੰ ਚੰਗਾ ਨਹੀਂ ਸਮਝਦੇ. ਜਲ ਲਈ ਕਾਠ ਦਾ ਕਮੰਡਲ ਰਖਦੇ ਹਨ. ਜੈਨੀਆਂ ਵਾਂਙ ਚੌਮਾਸੇ ਵਿੱਚ ਸਫਰ ਕਰਨਾ ਪਾਪ ਮੰਨਦੇ ਹਨ. ਗੁਰੂ ਦਾ ਸੀਤ ਪ੍ਰਸਾਦ ਖਾਣਾ ਭਾਰੀ ਪੁੰਨ ਕਰਮ ਜਾਣਦੇ ਹਨ.#ਰਾਮਸਨੇਹੀਆਂ ਦੇ ਰਾਮਦ੍ਵਾਰੇ (ਪੂਜ੍ਯਮੰਦਿਰ) ਸ਼ਾਹਪੁਰ, ਜੈਪੁਰ, ਮੇਰਤਾ, ਨਗੌਰ, ਉਦਯਪੁਰ, ਟਾਂਕ, ਬੂੰਦੀ, ਕੋਟਾ ਆਦਿਕ ਨਗਰਾਂ ਵਿੱਚ ਹਨ.
Source: Mahankosh