Definition
ਜਿਲਾ ਲੁਦਿਆਨਾ ਦੀ ਜਗਰਾਉਂ ਤਸੀਲ ਵਿੱਚ ਲੁਦਿਆਨੇ ਤੋਂ ੨੭ ਮੀਲ ਦੀ ਵਿੱਥ ਪੁਰ ਇੱਕ ਨਗਰ, ਜੋ ਰਾਯ ਅਹਮਦ ਨੇ ਸਨ ੧੬੪੮ ਵਿੱਚ ਆਬਾਦ ਕੀਤਾ. ਅਹਮਦ ਦਾ ਵਡੇਰਾ ਤੁਲਸੀਰਾਮ ਰਾਜਪੂਤ ਮੁਸਲਮਾਨ ਹੋ ਗਿਆ ਸੀ, ਜਿਸ ਦਾ ਨਾਮ ਸ਼ੇਖ ਚੱਕੂ ਪ੍ਰਸਿੱਧ ਹੈ. ਅਹਮਦ ਦੇ ਭਾਈ ਰਾਯ ਕਮਾਲੁੱਦੀਨ ਨੇ ਜਗਰਾਉਂ ਆਬਾਦ ਕੀਤਾ. ਇਸ ਦੇ ਪੁਤ੍ਰ ਕਲ੍ਹਾਰਾਯ ਨੇ ਕਈ ਵਾਰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੂੰ ਆਪਣੇ ਘਰ ਠਹਿਰਾਕੇ ਸੇਵਾ ਕੀਤੀ. ਇਸ ਦੀ ਮਾਤਾ ਗੁਰੂ ਸਾਹਿਬ ਵਿੱਚ ਭਾਰੀ ਸ਼੍ਰੱਧਾ ਰਖਦੀ ਸੀ. ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਹਾਲ ਕਲ੍ਹਾਰਾਯ ਨੇ ਹੀ ਆਪਣਾ ਦੂਤ ਭੇਜਕੇ ਮਾਲੂਮ ਕੀਤਾ ਅਤੇ ਦਸ਼ਮੇਸ਼ ਨੂੰ ਦੱਸਿਆ ਸੀ.#ਗੁਰੂ ਸਾਹਿਬ ਨੇ ਕਲ੍ਹਾਰਾਯ ਨੂੰ ਇੱਕ ਤਲਵਾਰ ਬਖ਼ਸ਼ਕੇ ਫਰਮਾਇਆ ਸੀ ਕਿ ਜਦ ਤਕ ਇਸ ਦਾ ਸਨਮਾਨ ਕਰੋਗੇ ਥੁਆਡਾ ਰਾਜ ਭਾਗ ਕਾਇਮ ਰਹੇਗਾ. ਕਲ੍ਹੇ ਦਾ ਪੋਤਾ ਤਲਵਾਰ ਪਹਿਨਕੇ ਸ਼ਿਕਾਰ ਗਿਆ ਅਰ ਘੋੜੇ ਤੋਂ ਡਿਗਕੇ ਉਸੇ ਤਲਵਾਰ ਨਾਲ ਜ਼ਖ਼ਮੀ ਹੋਕੇ ਮਰ ਗਿਆ. ਹੁਣ ਇਹ ਤਲਵਾਰ ਰਿਆਸਤ ਨਾਭੇ ਦੇ ਸਿਰੋਪਾਉ ਗੁਰੂਦ੍ਵਾਰੇ ਵਿੱਚ ਹੈ. ਦੇਖੋ, ਕਲ੍ਹਾਰਾਯ ਅਤੇ ਨਾਭਾ.
Source: Mahankosh