ਰਾਵਣ
raavana/rāvana

Definition

ਸੰਗ੍ਯਾ- ਰਵਣ (ਉੱਚਾਰਣ) ਦੀ ਕ੍ਰਿਯਾ. ਸ਼ਬਦ ਕਰਨਾ। ੨. ਰਮਣ. ਭੋਗਣਾ. ਆਨੰਦ ਲੈਣਾ. "ਹਉ ਕਿਉ ਸਹੁ ਰਾਵਣਿ ਜਾਉ ਜੀਉ?" (ਸੂਹੀ ਮਃ ੧. ਕੁਚਜੀ) ੩. ਸੰ. ਵਿ- ਰਆ ਦੇਣ ਵਾਲਾ। ੪. ਸੰਗ੍ਯਾ- ਵੈਰੀਆਂ ਨੂੰ ਰੁਆਦੇਣ ਵਾਲਾ ਵਿਸ਼੍ਰਵਾ ਦਾ ਪੁਤ੍ਰ, ਜੋ ਕੈਕਸੀ (ਕੇਸ਼ਿਨੀ ਅਥਵਾ ਨਿਕਸ਼ਾ) ਦੇ ਉਦਰ ਤੋਂ ਜਨਮਿਆ. ਰਾਮਾਯਣ ਵਿੱਚ ਲਿਖਿਆ ਹੈ ਕਿ ਸੁਮਾਲੀ ਰਾਖਸ ਦੀ ਪੁਤ੍ਰੀ ਵਿਸ਼੍ਰਵਾ ਨੂੰ ਵਰਣ ਲਈ ਸੰਝ ਸਮੇਂ ਪਹੁਚੀ. ਵਿਸ਼੍ਰਵਾ ਨੇ ਉਸ ਨੂੰ ਅੰਗੀਕਾਰ ਕੀਤਾ, ਪਰ ਸੰਝ ਦਾ ਵੇਲਾ ਹੋਣ ਕਰਕੇ ਭਯੰਕਰ ਪੁਤ੍ਰ ਰਾਵਣ ਅਤੇ ਕੁੰਭਕਰਣ ਹੋਏ, ਇਨ੍ਹਾਂ ਪਿੱਛੋਂ ਕ੍ਰੂਰ ਸੁਭਾਉ ਵਾਲੀ ਸੂਰਪਣਖਾ ਜਨਮੀ. ਕੈਕਸੀ ਦੀ ਪ੍ਰਾਰਥਨਾ ਪੁਰ ਵਿਸ਼੍ਰਵਾ ਨੇ ਇੱਕ ਸ਼ਾਂਤ ਸੁਭਾਉ ਵਾਲਾ ਪੁਤ੍ਰ ਵਿਭੀਸਣ ਭੀ ਉਸ ਨੂੰ ਬਖ਼ਸ਼ਿਆ. ਰਾਵਣ ਦੇ ਦਸ ਸਿਰ ਅਤੇ ਵੀਹ ਬਾਹਾਂ ਸਨ. ਇਸ ਨੇ ਤਪ ਕਰਕੇ ਬ੍ਰਹਮਾ ਤੋਂ ਸਾਰਾ ਜਗਤ ਜਿੱਤਣ ਦਾ ਵਰ ਲਿਆ ਸੀ, ਅਰ ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਤੋਂ ਕੱਢਕੇ ਆਪ ਰਾਜਾ ਬਣਿਆ, ਅਰ ਉਸ ਤੋਂ ਪੁਸਪਕ ਵਿਮਾਨ ਖੋਹ ਲਿਆ. ਰਾਵਣ ਨੇ ਬਹੁਤ ਇਸਤ੍ਰੀਆਂ ਵਿਆਹੀਆਂ, ਪਰ ਮਯ ਦਾਨਵ ਦੀ ਪ੍ਰਤ੍ਰੀ ਮੰਦੋਦਰੀ ਸਭ ਤੋਂ ਸ਼ਿਰੋਮਣਿ ਮੀ, ਜਿਸ ਤੋਂ ਇੰਦ੍ਰਜਿਤ (ਮੇਘਨਾਦ) ਜਨਮਿਆ.#ਰਾਮਾਯਣ ਵਿੱਚ ਰਾਵਣ ਦੀ ਫੌਜ ਦਸ ਖਰਬ, ਛਿਆਲੀ ਹਜਾਰ ਅਤੇ ਇੱਕ ਸੌ ਲਿਖੀ ਹੈ. ਰਾਵਣ ਸੰਸਕ੍ਰਿਤ ਦਾ ਪੰਡਿਤ ਅਤੇ ਜਾਤਿ ਕਰਕੇ ਬ੍ਰਾਹਮਣ ਸੀ. ਕ੍ਰੂਰ ਸੁਭਾਉ ਹੋਣ ਕਰਕੇ ਰਾਖਸ ਪ੍ਰਸਿੱਧ ਹੋਇਆ. ਸੀਤਾ ਹਰਣ ਦੇ ਅਪਰਾਧ ਵਿੱਚ ਸ਼੍ਰੀ ਰਾਮ ਨੇ ਇਸ ਨੂੰ ਮਾਰਕੇ ਵਿਭੀਖਣ ਨੂੰ ਲੰਕਾ ਦਾ ਰਾਜਾ ਥਾਪਿਆ.#"ਰਘੁਪਤਿ ਰਾਵਣ ਸੋਂ ਕਹ੍ਯੋ ਸੁਭਟ ਸਚੇਤ ਸਁਭਾਰ."#(ਹਨੂ)
Source: Mahankosh