ਰਿਤੁਚਰਯਾ
ritucharayaa/ritucharēā

Definition

ऋतुचर्या. ਕਿਸ ਰੁੱਤ ਵਿੱਚ ਕੀ ਕਰਨਾ ਚਾਹੀਏ, ਕੇਹੜੀ ਚੀਜ ਖਾਣੀ ਅਤੇ ਕੇਹੜੀ ਨਾ ਖਾਣੀ ਯੋਗ੍ਯ ਹੈ, ਇਤਿਆਦਿ ਜਿਸ ਗ੍ਰੰਥ ਵਿੱਚ ਵਰਣਨ ਹੋਵੇ. ਇਸ ਨਾਮ ਦੇ ਅਨੇਕ ਪੁਸ੍ਤਕ ਵਿਦ੍ਵਾਨਾਂ ਨੇ ਲਿਖੇ ਹਨ। ੨. ਰੁੱਤਾਂ ਅਨੁਸਾਰ ਵਰਨਣ ਦੀ ਕ੍ਰਿਯਾ. "ਯੋਗਰਤਨਾਕਰ" ਦੇ ਰਿਤੁਚਰਯਾ ਪ੍ਰਕਰਣ ਵਿੱਚ ਲਿਖਿਆ ਹੈ-#ਵਸੰਤ ਵਿੱਚ ਕਯ (ਉਲਟੀ) ਕਰਨੀ ਅਤੇ ਹਰੜ ਦਾ ਸ਼ਹਦ ਨਾਲ ਸੇਵਨ ਕਰਕੇ ਮੇਦੇ ਦੀ ਸਫਾਈ ਕਰਨੀ ਚਾਹੀਏ, ਵਟਣਾ ਮਲਣਾ, ਕਸਰਤ ਕਰਨੀ, ਚੰਦਨ ਕੇਸਰ ਅਗਰ ਦਾ ਲੇਪ ਕਰਨਾ ਗੁਣਕਾਰੀ ਹੈ. ਕਣਕ ਚਾਉਲ ਮੂੰਗੀ ਜੰਗਲੀ ਜੀਵਾਂ ਦਾ ਮਾਸ ਖਾਣਾ ਉੱਤਮ ਹੈ. ਬਹੁਤ ਮਿੱਠਾ ਅਤੇ ਖੱਟਾਂ ਭਾਰੀ ਅਤੇ ਲੇਸਲੀਆਂ ਚੀਜਾਂ ਦਾ ਖਾਣਾ, ਦਿਨ ਨੂੰ ਸੌਣਾ ਤ੍ਯਾਗਣਾ ਚਾਹੀਏ.#ਗ੍ਰੀਖਮ ਵਿੱਚ ਸਰਦ ਤਰ ਹਲਕੀਆਂ ਚੀਜਾਂ, ਮਿਸ਼ਰੀ ਸੱਤੂ ਦੁੱਧ ਜੰਗਲੀ ਪੰਛੀਆਂ ਦਾ ਸ਼ੋਰਵਾ ਚਾਉਲ ਖਾਣੇ ਚਾਹੀਏ. ਸੂਰਜ ਦੀ ਧੁੱਪ ਨਾਲ ਤਪਿਆ ਜਲ ਜੋ ਰਾਤ ਨੂੰ ਚੰਦ੍ਰਮਾ ਦੀ ਕਿਰਨਾਂ ਲੱਗਕੇ ਠੰਢਾ ਹੋਗਿਆ ਹੈ, ਪੀਣਾ ਉੱਤਮ ਹੈ. ਚੰਦ੍ਰਮਾ ਦੀ ਚਾਂਦਨੀ ਵਿੱਚ ਬੈਠਣਾ ਦਿਨ ਨੂੰ ਸੌਣਾ ਲਾਭਦਾਇਕ ਹੈ. ਚੰਦਨ ਦਾ ਲੇਪ ਅਤੇ ਚੰਦਨ ਦਾ ਸ਼ਰਬਤ ਪੀਣਾ ਗੁਣਕਾਰੀ ਹੈ. ਧੁੱਪੇ ਫਿਰਨਾ, ਥਕੇਵੇ ਦਾ ਕੰਮ ਕਰਨਾ ਕੌੜੀਆਂ ਤਿੱਖੀਆਂ ਚੀਜਾਂ ਦਾ ਖਾਣਾ ਦੁਖਦਾਈ ਹੈ.#ਵਰਖਾ ਵਿੱਚ ਮਿੱਠਾ ਖੱਟਾ ਨਮਕੀਨ ਅਤੇ ਕੌੜਾ ਰਸ ਸੇਵਨ ਕਰਨਾ, ਮਾਲਿਸ਼ ਕਰਨੀ, ਖੂਹ ਦਾ ਸੱਜਰਾ ਜਾਂ ਮੀਂਹ ਦਾ ਨਿਰਮਲ ਪਾਣੀ ਪੀਣਾ, ਕਣਕ ਜੌ ਆਦਿ ਅੰਨ ਖਾਣੇ ਉੱਤਮ ਹਨ. ਦਿਨ ਨੂੰ ਸੌਣਾ, ਨਦੀਆਂ ਦਾ ਪਾਣੀ ਪੀਣਾ, ਰੁੱਖੀਆਂ ਚੀਜਾਂ ਖਾਣੀਆਂ, ਧੁੱਪੇ ਫਿਰਨਾ, ਦੁਰਗੰਧ ਵਾਲੇ ਥਾਂ ਬੈਠਣਾ ਦੁਖਦਾਈ ਹੈ.#ਸਰਦ ਵਿੱਚ ਘੀ ਦੁੱਖ ਕਸੈਲੀਆਂ ਅਤੇ ਚਰਪਰੀਆਂ ਚੀਜਾਂ ਖਾਣੀਆਂ, ਗੰਨੇ ਚੂਪਣੇ, ਜੰਗਲੀ ਜੀਵਾਂ ਦਾ ਮਾਸ ਖਾਣਾ, ਕਣਕ ਜੌਂ ਮੂੰਗੀ ਚਾਉਲ ਆਦਿ ਅੰਨ ਵਰਤਣੇ, ਚਸ਼ਮਿਆਂ ਦਾ ਜਲ ਪੀਣਾ, ਚਾਂਦਨੀ ਵਿੱਚ ਬੈਠਣਾ, ਜਲਕ੍ਰੀੜਾ ਕਰਨੀ, ਪਿੱਤ ਖਾਰਿਜ ਕਰਨ ਵਾਲੇ ਪਦਾਰਥ ਸੇਵਨ ਕਰਨੇ ਲਾਭਦਾਇਕ ਹੈ. ਕੌੜਾ ਖੱਟਾ ਤਿੱਖਾ ਖਾਣਾ ਪੀਣਾ, ਦਿਨੇ ਸੌਣਾ ਧੁੱਪੇ ਫਿਰਨਾ ਦੁਖਦਾਈ ਹੈ.#ਹੇਮੰਤ ਅਤੇ ਸ਼ਿਸ਼ਿਰ ਵਿੱਚ ਸਵੇਰੇ ਭੋਜਨ ਕਰਨਾ, ਕਸਰਤ ਕਰਨੀ, ਕਣਕ ਮਾਂਹ ਮਾਸ ਤਿਲ ਕਸਤੂਰੀ ਕੇਸਰ ਆਦਿ ਖਾਣੇ, ਮਾਲਿਸ਼ ਕਰਨੀ, ਗਰਮ ਜਲ ਨਾਲ ਨ੍ਹਾਉਣਾ, ਧੁੱਪ ਅਤੇ ਅੱਗ ਦਾ ਸੇਵਨ ਕਰਨਾ, ਗਰਮ ਵਸਤ੍ਰ ਪਹਿਰਨੇ ਸੁਖਦਾਈ ਹਨ.#ਇਨ੍ਹਾਂ ਰੁੱਤਾਂ ਵਿੱਚ ਮੈਥੁਨ ਸੰਬੰਧੀ ਜੋ ਹਦਾਇਤ ਹੈ, ਉਸ ਲਈ ਦੇਖੋ, ਮੈਥੁਨ ਸ਼ਬਦ.
Source: Mahankosh