ਰੇਣੁਕਾ
raynukaa/rēnukā

Definition

ਸੰ. ਸੰਗ੍ਯਾ- ਰੇਣੁ. ਧੂਲਿ. "ਸਾਧੂ ਕੀ ਹੋਹੁ ਰੇਣੁਕਾ." (ਸ੍ਰੀ ਮਃ ੫) "ਸੰਤ ਜਨਾ ਕੀ ਰੇਣੁਕਾ, ਲੈ ਮਾਥੇ ਲਾਵਉ." (ਬਿਲਾ ਮਃ ੫) ੨. ਪ੍ਰਿਥਿਵੀ। ੩. ਰੇਣ੍ਵ (ਪ੍ਰਸੇਨਜਿਤ) ਦੀ ਪੁਤ੍ਰੀ. ਜਮਦਗਨਿ ਦੀ ਵਹੁਟੀ ਅਤੇ ਪਰਸ਼ੁਰਾਮ ਦੀ ਮਾਤਾ. ਇੱਕ ਵਾਰ ਰਾਜਾ ਚਿਤ੍ਰਰਥ ਦਾ ਨਦੀ ਕਿਨਾਰੇ ਭੋਗ ਵਿਲਾਸ ਦੇਖਕੇ ਰੇਣੁਕਾ ਦਾ ਮਨ ਵਿਕਾਰੀ ਹੋਗਿਆ, ਇਸ ਪੁਰ ਜਮਦਗਨਿ ਨੇ ਆਪਣੇ ਪੁਤ੍ਰਾਂ ਨੂੰ ਹੁਕਮ ਦਿੱਤਾ ਕਿ ਰੇਣੁਕਾ ਦਾ ਸਿਰ ਵੱਢ ਦਿਓ. ਹੋਰ ਪੁਤ੍ਰਾਂ ਨੇ ਤਾਮੀਲ ਕਰਨ ਤੋਂ ਨਾਂਹ ਕੀਤੀ, ਪਰ ਪਰਸ਼ੁਰਾਮ ਨੇ ਮਾਂ ਦਾ ਸਿਰ ਵੱਢ ਦਿੱਤਾ. ਇਸ ਪੁਰ ਪਿਤਾ ਨੇ ਪੁਤ੍ਰ ਨੂੰ ਪ੍ਰਸੰਨ ਹੋਕੇ ਆਖਿਆ ਕਿ ਵਰ ਮੰਗ. ਪਰਸ਼ੁਰਾਮ ਨੇ ਮਾਤਾ ਰੇਣੁਕਾ ਲਈ ਫੇਰ ਜੀਵਨ ਦਾ ਵਰ ਮੰਗਿਆ, ਜੋ ਜਮਦਗਨਿ ਨੇ ਦਿੱਤਾ. "ਭਯੋ ਰੇਣੁਕਾ ਤੇ ਕਵਾਚੀ ਕੁਠਾਰੀ." (ਪਰਸਰਾਮਾਵ) ਦੇਖੋ, ਜਮਦਗਨਿ ਅਤੇ ਪਰਸੁਰਾਮ।#੪. ਨਾਹਨ (ਸਰਮੌਰ) ਰਾਜ ਦੀ ਇੱਕ ਤਸੀਲ, ਜੋ ਰਾਜਧਾਨੀ ਨਾਹਨ ਤੋਂ ਸੋਲਾਂ ਮੀਲ ਉੱਤਰ ਹੈ. ਇੱਥੇ ਰੇਣੁਕਾ ਦੇ ਨਾਮ ਦੀ ਇੱਕ ਝੀਲ ਹੈ, ਜਿਸ ਦੇ ਪਾਸ ਹੀ ਪਰਸ਼ੁਰਾਮ ਅਤੇ ਜਮਦਗਨਿ ਰਿਖੀ ਦਾ ਅਸਥਾਨ ਦੱਸਿਆ ਜਾਂਦਾ ਹੈ. ਇਸ ਥਾਂ ਕੱਤਕ ਸੁਦੀ ੧੧. (ਦੋਵੇਥਾੱਨ) ਨੂੰ ਭਾਰੀ ਮੇਲਾ ਜੁੜਦਾ ਹੈ, ਦੂਰ ਦੂਰ ਤੋਂ ਯਾਤ੍ਰੀ ਰੇਣੁਕਾ ਤੀਰਥ ਤੇ ਆਉਂਦੇ ਹਨ. ਮੰਦਿਰ ਅਤੇ ਮੇਲੇ ਦਾ ਪ੍ਰਬੰਧ ਰਿਆਸਤ ਦੇ ਹੱਥ ਹੈ.#ਭਾਵੇਂ ਜਮਦਗਨਿ ਰਿਖਿ ਦਾ ਆਸ਼੍ਰਮ ਯੂ. ਪੀ. ਦੇ ਗ਼ਾਜ਼ੀਪੁਰ ਜ਼ਿਲੇ ਵਿੱਚ "ਜ਼ਮਾਨੀਆ" ਹੈ, ਜੋ "ਜਮਦਗਨੀਯ" ਤੋਂ ਵਿਗੜਕੇ ਬਣ ਗਿਆ ਹੈ. ਨਿਵਾਸ ਉੱਥੇ ਹੀ ਆਪਣੇ ਪਤੀ ਪਾਸ ਸਾਰੀ ਅਵਸਥਾ ਰਿਹਾ ਹੈ, ਪਰ ਪਦਮਪੁਰਾਣ ਵਿੱਚ ਰੇਣੁਕਾ ਦੇ ਨਾਮ ਤੋਂ ਸੱਤ ਪਵਿਤ੍ਰ ਤੀਰਥ ਲਿਖੇ ਹਨ, ਜਿਨ੍ਹਾਂ ਅੰਦਰ ਨਾਹਨ ਰਾਜ ਵਾਲੇ ਰੇਣੁਕਾਤੀਰਥ ਦਾ ਭੀ ਜ਼ਿਕਰ ਹੈ। ੫. ਪਿੱਤਪਾਪੜਾ। ੬. ਸੰਭਾਲੂ.
Source: Mahankosh