Definition
ਰੇਵਤ (ਕੁਕੁਦਮਿਨ੍) ਰਾਜਾ ਦੀ ਪੁਤ੍ਰੀ ਅਤੇ ਬਲਰਾਮ ਦੀ ਇਸਤ੍ਰੀ. ਵਿਸਨੁਪੁਰਾਣ ਅੰਸ਼ ੪. ਅਃ ੧. ਵਿੱਚ ਲਿਖਿਆ ਹੈ ਕਿ ਇਹ ਇਤਨੀ ਸੁੰਦਰ ਸੀ ਕਿ ਇਸ ਦੇ ਪਿਤਾ ਨੇ ਇਸ ਲਾਇਕ ਕੋਈ ਭੀ ਪਤਿ ਨਾ ਦੇਖਕੇ ਬ੍ਰਹਮਾ ਕੋਲੋਂ ਜਾ ਪੁੱਛਿਆ ਕਿ ਕੋਈ ਉੱਤਮ ਵਰ ਦੱਸੋ. ਬ੍ਰਹਮਾ ਰਾਗ ਸੁਣਨ ਵਿੱਚ ਅਜੇਹਾ ਮਸਤ ਸੀ ਕਿ ਕਈ ਯੁਗ ਗੰਧਰਵਾਂ ਦਾ ਗਾਉਣਾ ਸੁਣਨ ਵਿੱਚ ਵਿਤਾ ਦਿੱਤੇ ਅਰ ਰੇਵਤ ਨੂੰ ਕੋਈ ਉੱਤਰ ਨਾ ਦਿੱਤਾ. ਜਦ ਰਾਗ ਰੰਗ ਸਮਾਪਤ ਹੋਇਆ ਤਾਂ ਰੇਵਤ ਨੂੰ ਆਖਿਆ ਕਿ ਰੇਵਤੀ ਦਾ ਵਿਆਹ ਕ੍ਰਿਸਨ ਜੀ ਦੇ ਵਡੇ ਭਾਈ ਬਲਰਾਮ ਨਾਲ ਕਰਦੇ. ਜਦ ਕਈ ਯੁਗਾਂ ਪਿੱਛੋਂ ਰੇਵਤ ਮੁੜ ਪ੍ਰਿਥਿਵੀ ਤੇ ਆਇਆ, ਤਾਂ ਕੀ ਵੇਖਦਾ ਹੈ ਕਿ ਲੋਕ ਕੱਦ ਵਿੱਚ ਛੋਟੇ ਹੋ ਗਏ ਹਨ, ਬਲਹੀਨ ਅਤੇ ਮਲੀਨ ਬੁੱਧਿ ਹਨ, ਪਰ ਬ੍ਰਹਮਾ ਦੀ ਆਗ੍ਯਾ ਸਿਰ ਤੇ ਰੱਖਕੇ ਇਹ ਬਲਰਾਮ ਦੇ ਪਾਸ ਗਿਆ ਅਤੇ ਰੇਵਤੀ ਦਾ ਵਿਆਹ ਉਸ ਨਾਲ ਕਰ ਦਿੱਤਾ. ਬਲਰਾਮ ਨੇ ਰੇਵਤੀ ਨੂੰ ਆਪਣੇ ਨਾਲੋਂ ਬਹੁਤ ਲੰਮੀ ਦੇਖਕੇ, ਉਸ ਦੇ ਮੋਢੇ ਪੁਰ ਹਲ ਰੱਖਕੇ ਇੰਨਾ ਦਬਾਇਆ ਕਿ ਆਪਣੇ ਕੱਦ ਦੇ ਮੇਚ ਦੀ ਕਰ ਲਈ.#ਜਬ ਪਿਯ ਤਿਯ ਕੀ ਓਰ ਨਿਹਾਰ੍ਯੋ,#ਛੋਟੇ ਹਮ, ਇਹ ਬਡੀ ਵਿਚਾਰ੍ਯੋ,#ਤਿਹ ਕੇ ਲੈ ਹਲ ਕੰਧਹਿ ਧਰ੍ਯੋ,#ਮਨਭਾਵਤ ਤਾਂਕੋ ਤਨੁ ਕਰ੍ਯੋ, (ਕ੍ਰਿਸਨਾਵ)#੨. ਸਤਾਈਸਵਾਂ ਨਕ੍ਸ਼੍ਤ੍ਰ, ਜੋ ੩੨ ਤਾਰਿਆਂ ਦਾ ਹੈ। ੩. ਦੁਰਗਾ। ੪. ਗਊ.
Source: Mahankosh