Definition
ਜੇਹਲਮ ਦੇ ਜਿਲੇ ਇੱਕ ਕਿਲਾ, ਜੋ ਜੇਹਲਮ ਨਗਰ ਤੋਂ ੧੦. ਕੋਹ ਉੱਤਰ ਪੱਛਮ ਹੈ. ਇਹ ਦੁਰਗ ਸ਼ੇਰਸ਼ਾਹ ਸੂਰੀ ਨੇ ਸਨ ੧੫੪੨ ਵਿੱਚ ਸਵਾਚਾਲੀ ਲੱਖ ਰੁਪਯਾ ਖ਼ਰਚਕੇ ਬਣਵਾਇਆ ਸੀ.¹ ਕਿਲੇ ਦਾ ਵਿਸਤਾਰ ਢਾਈ ਮੀਲ ਹੈ. ਦੀਵਾਰ ਤੀਹ ਫੁਟ ਚੌੜੀ ਅਤੇ ੩੦ ਤੋਂ ੫੦ ਫੁਟ ਤੀਕ ਉੱਚੀ ਹੈ. ਚਾਰੇ ਪਾਸੇ ਦੇ ਬੁਰਜ ੬੮, ਅਤੇ ਦਰਵਾਜੇ ਬਾਰਾਂ ਹਨ. ਵਡੇ ਦਰਵਾਜ਼ੇ ਦੀ ਉਚਾਈ ੭੦ ਫੁਟ ਹੈ. ਇਸ ਕਿਲੇ ਅੰਦਰ ਜੋ ਪਿੰਡ ਵਸਦਾ ਹੈ ਉਸ ਦਾ ਨਾਮ ਭੀ ਰੋਹਤਾਸ ਹੈ. ਬੰਗਾਲ ਵਿੱਚ ਸ਼ੇਰਸ਼ਾਹ ਦਾ ਰੋਹਤਾਸ ਨਾਮ ਦਾ ਕਿਲਾ ਸ਼ਾਹਬਾਦ ਜਿਲੇ ਵਿੱਚ ਹੈ,² ਉਸੇ ਦੀ ਨਕਲ ਕਰਕੇ ਇਹ ਕਿਲਾ ਸ਼ੇਰਸ਼ਾਹ ਨੇ ਬਣਵਾਇਆ ਹੈ. ਹੁਣ ਇਸ ਕਿਲੇ ਦਾ ਖ਼ਸਤਾ ਹਾਲ ਹੈ. ਸਤਿਗੁਰੂ ਨਾਨਕਦੇਵ ਦਾ ਇੱਕ ਚਸ਼ਮਾ ਇੱਥੇ ਪਵਿਤ੍ਰ ਅਸਥਾਨ ਹੈ. ਜਿਸ ਦੀ ਯਾਤ੍ਰਾ ਨੂੰ ਦੂਰ ਦੂਰ ਤੋਂ ਪ੍ਰੇਮੀ ਸਿੱਖ ਆਉਂਦੇ ਹਨ. ਦੇਖੋ, ਚੋਹਾ ਸਾਹਿਬ ੨। ੨. ਦੇਖੋ, ਸਾਹਿਬਕੌਰ ਮਾਤਾ.
Source: Mahankosh