ਵਿਸ਼ਵਕਰਮਾ
vishavakaramaa/vishavakaramā

Definition

ਸੰ. विश्वकर्मन्. ਸੰਸਾਰ ਰਚਣ ਵਾਲਾ ਕਰਤਾਰ. ਰਿਗਵੇਦ ਦੇ ਦੋ ਮੰਤ੍ਰਾਂ ਵਿੱਚ ਵਿਸ਼੍ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ. ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ ਅਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। ੨. ਬ੍ਰਹਮਾ। ੩. ਸੂਰਜ। ੪. ਇੱਕ ਦਵੇਤਾ, ਜਿਸ ਨੂੰ ਮਹਾਭਾਰਤ ਅਤੇ ਪੁਰਾਣਾਂ ਵਿੱਚ ਦੇਵਤਿਆਂ ਦਾ ਚੀਫ ਇੰਜਨੀਅਰ (Chief Engineer) ਦੱਸਿਆ ਹੈ. ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਕਿੰਤੁ ਦੇਵਤਿਆਂ ਦੇ ਸ਼ਸਤ੍ਰ ਅਸਤ੍ਰਾਂ ਨੂੰ ਭੀ ਇਹੀ ਬਣਾਉਂਦਾ ਹੈ. ਸ੍‍ਥਾਪਤ੍ਯ ਉਪਵੇਦ, ਜਿਸ ਵਿੱਚ ਦਸ੍ਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ. ਮਹਾਭਾਰਤ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ- "ਦੇਵਤਿਆਂ ਦਾ ਪਤਿ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਿਵੀ ਖੜੀ ਹੈ, ਅਤੇ ਜਿਸ ਦੀ ਸਦੀਵ ਪੂਜਾ ਕੀਤਾ ਜਾਂਦੀ ਹੈ"#ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨ੍ਯਮਤੀ (ਯੋਗ- ਸਿੱਧਾ) ਦੇ ਪੇਟੋਂ ਹੋਇਆ. ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾਂ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ. ਸੂਰਜ ਦੇ ਛਿੱਲੜ ਤੋਂ ਵਿਸ਼੍ਵਕਰਮਾਂ ਨੇ ਵਿਸਨੁ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ. ਜਗੰਨਾਥ ਦਾ ਬੁਤ ਭੀ ਇਸੇ ਕਾਰੀਗਰ ਦੀ ਦਸ੍ਤਕਾਰੀ ਦਾ ਕਮਾਲ ਹੈ. ਦੇਖੋ, ਜਗੰਨਾਥ.
Source: Mahankosh

Shahmukhi : وِشوکرما

Parts Of Speech : noun, masculine

Meaning in English

artisan god; god of the artisans
Source: Punjabi Dictionary