Definition
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ.
Source: Mahankosh