ਸਰਬਲੋਹ
sarabaloha/sarabaloha

Definition

ਸੰ. ਸਰ੍‍ਵਲੋਹ. ਵਿ- ਸਾਰਾ ਲੋਹੇ ਦਾ। ੨. ਸੰਗ੍ਯਾ- ਇੱਕ ਪ੍ਰਕਾਰ ਦਾ ਤੀਰ, ਜਿਸ ਦਾ ਨਾਉਂ "ਨਾਰਾਚ" ਹੈ. ਇਸ ਦੇ ਕਾਨਾ ਨਹੀਂ ਹੁੰਦਾ, ਕਿੰਤੂ ਸਾਰਾ ਲੋਹੇ ਦਾ ਹੋਇਆ ਕਰਦਾ ਹੈ। ੩. ਖ਼ਾ. ਲੋਹਾ। ੪. ਸ਼ਸਤ੍ਰ। ੫. ਅਕਾਲ. "ਸਰਬਲੋਹ ਕੀ ਰੱਛਿਆ ਹਮ ਨੈ." (ਅਕਾਲ) ੬. ਮਹਾਕਾਲ ਦਾ ਇੱਕ ਅਵਤਾਰ, ਜਿਸ ਦੀ ਕਥਾ "ਸਰਬਲੋਹ" ਗ੍ਰੰਥ ਵਿੱਚ ਲਿਖੀ ਹੈ। ੭. ਸਰਬਲੋਹ ਗ੍ਰੰਥ, ਜਿਸ ਦਾ ਦੂਜਾ ਨਾਉਂ "ਮੰਗਲਚਰਣ" ਹੈ. ਇਸ ਗ੍ਰੰਥ ਦੇ ਮੁੱਢ ਸ਼੍ਰੀ ਮੁਖਵਾਕ ਪਾਤਸ਼ਾਹੀ ੧੦. ਪਾਠ ਹੈ. ਪਾਠਕਾਂ ਦੇ ਗਿਆਨ ਲਈ ਸਰਬਲੋਹ ਦਾ ਖੁਲਾਸਾ ਲਿਖਦੇ ਹਾਂ-#ਪਹਿਲਾ ਅਧ੍ਯਾਯ- ਦੇਵੀ ਅਤੇ ਅਕਾਲ ਦੀ ਮਹਿਮਾ, ਦੈਤਾਂ ਤੋਂ ਹਾਰਕੇ ਦੇਵਤਿਆਂ ਦਾ ਦੇਵੀ ਦੀ ਸ਼ਰਣ ਆਉਣਾ, ਦੇਵੀ ਨੇ ਹੋਰ ਦੇਵਤਿਆਂ ਦੀਆਂ ਸ਼ਕਤੀਆਂ ਨੂੰ ਨਾਲ ਲੈ ਕੇ ਭੀਮਨਾਦ ਦੈਤ ਨਾਲ ਲੜਨਾ ਅਤੇ ਉਸ ਨੂੰ ਮਾਰਨਾ.#ਦੂਜਾ ਅਧ੍ਯਾਯ- ਭੀਮਨਾਦ ਦੀ ਇਸਤ੍ਰੀ ਦਾ ਸਤੀ ਹੋਣਾ, ਭੀਮਨਾਦ ਦੇ ਭਾਈ ਬ੍ਰਿਜਨਾਦ (ਵੀਰ੍‍ਯਨਾਦ) ਨੇ ਦੇਵਤਿਆਂ ਨਾਲ ਲੜਨ ਦੀ ਤਿਆਰੀ ਕਰਨੀ, ਇੰਦ੍ਰ ਨੇ ਸਭ ਦੇਵਤਿਆਂ ਨੂੰ ਸਹਾਇਤਾ ਵਾਸਤੇ ਚਿੱਠੀਆਂ ਲਿਖਣੀਆਂ.#ਤੀਜਾ ਅਧ੍ਯਾਯ- ਦੋਹਾਂ ਦਲਾਂ ਦੀ ਚੜਾਈ, ਵਿਸਨੁ ਵੱਲੋਂ ਬ੍ਰਿਜਨਾਦ ਪਾਸ ਨਾਰਦ ਦਾ ਦੂਤ ਹੋਕੇ ਜਾਣਾ, ਬ੍ਰਿਜਨਾਦ ਨੇ ਸੁਲਹ ਤੋਂ ਇਨਕਾਰ ਕਰਕੇ ਜੰਗ ਕਰਨ ਦਾ ਇਰਾਦਾ ਪ੍ਰਗਟ ਕਰਨਾ, ਜੰਗ ਵਿੱਚ ਬ੍ਰਿਜਨਾਦ ਦੇ ੧੧. ਸੈਨਾਪਤੀਆਂ ਦਾ ਮਰਨਾ.#ਚੌਥਾ ਅਧ੍ਯਾਯ- ਘੋਰ ਸੰਗ੍ਰਾਮ ਹੋਣਾ, ਜੰਗ ਵਿੱਚ ਮਰੇ ਹੋਏ ਦੇਵਤਿਆਂ ਨੂੰ ਅਮ੍ਰਿਤ ਦੇ ਕੇ ਵਿਸਨੁ ਨੇ ਜਿਵਾਉਣਾ, ਅੰਤ ਨੂੰ ਦੈਤਾਂ ਨੇ ਜੰਗ ਜਿੱਤਕੇ ਇੰਦ੍ਰ ਨੂੰ ਕੈਦ ਕਰਨਾ, ਵਿਸਨੁ ਨੇ ਇੰਦ੍ਰ ਦੇ ਬੰਧਨ ਕੱਟਣੇ, ਬ੍ਰਿਜਨਾਦ ਨੇ ਫਤੇ ਪਾਕੇ ਇੰਦ੍ਰਪੁਰੀ ਪੁਰ ਕਬਜਾ ਕਰਨਾ.#ਪੰਜਵਾਂ ਅਧ੍ਯਾਯ- ਦੇਵਤਿਆਂ ਦਾ ਦੁਖੀ ਹੋਕੇ ਈਸ਼੍ਵਰ ਅੱਗੇ ਪੁਕਾਰਨਾ, ਪ੍ਰਮਾਤਮਾ ਨੇ ਸਰਬਲੋਹ ਅਵਤਾਰ ਧਾਰਨਾ. ਯਥਾ- "ਸਰਬ ਅੰਗ ਬਜਰੰਗ ਹੇ, ਧਾਰ੍ਯੋ ਪੁਰਖ ਅਸੰਗ ਹੇ, ਸਰਬਲੋਹ ਅਵਤਾਰ." (ਛੰਦ ੬੫) ਸਰਬਲੋਹ ਵੱਲੋਂ ਬ੍ਰਿਜਨਾਦ ਪਾਸ ਗਣੇਸ਼ ਦਾ ਦੂਤ ਹੋ ਕੇ ਜਾਣਾ, ਸੁਲਹਿ ਦੀਆਂ ਸ਼ਰਤਾਂ ਨਾਮਨਜੂਰ ਹੋਣ ਪੁਰ ਪਰਸਪਰ ਘੋਰ ਸੰਗ੍ਰਾਮ ਮੱਚਣਾ, ਦੇਵੀ ਅਤੇ ਹੋਰ ਸ਼ਕਤੀਆਂ ਦਾ ਸਹਾਇਤਾ ਲਈ ਜੰਗ ਅੰਦਰ ਆਉਣਾ, ਸਰਬਲੋਹ ਨੇ ਬ੍ਰਿਜਨਾਦ ਤੋਂ ਛੁੱਟ ਬਾਕੀ ਸਾਰੇ ਦੇਵਤਿਆਂ ਅਤੇ ਦੈਤਾਂ ਨੂੰ ਆਪਣੇ ਵਿੱਚ ਲੀਨ ਕਰਨਾ. ਬ੍ਰਿਜਨਾਦ ਨੇ ਸਰਬਲੋਹ ਦੀ ਉਸਤਤਿ ਕਰਕੇ ਪ੍ਰਾਰਥਨਾ ਕਰਨੀ ਕਿ ਫੇਰ ਪ੍ਰਗਟ ਹੋ ਕੇ ਮੇਰੇ ਨਾਲ ਜੰਗ ਕਰੋ, ਸਰਬਲੋਹ ਨੇ ਫੇਰ ਭਿਆਨਕ ਰੂਪ ਧਾਰਕੇ ਭਾਰੀ ਜੰਗ ਕਰਨਾ ਅਤੇ ਬ੍ਰਿਜਨਾਦ ਦਾ ਸਿਰ ਕੱਟਕੇ ਸਿਵ ਨੂੰ ਮੂੰਡਮਾਲਾ ਦਾ ਮੇਰੁ ਬਣਾਉਣ ਲਈ ਦੇਣਾ ਅਤੇ ਸਭ ਦੇਵਤਿਆਂ ਨੂੰ ਖਿਲਤ (ਸਿਰੋਪਾ) ਦੇਕੇ ਵਿਦਾ ਕਰਨਾ.#ਇਸ ਗ੍ਰੰਥ ਵਿੱਚ ਲਿਖਿਆ ਹੈ ਕਿ ਇਹ ਪੁਸਤਕ ਸ਼ੁਕ੍ਰ ਭਾਸ਼੍ਯ ਦਾ ਸਾਰ ਹੈ ਯਥਾ-#"ਤੇ ਸਭ ਕਥੇ ਪ੍ਰਿਥਕ ਕਰਨਿਰਣਯ ਸੁਕ੍ਰਾਭਾਸਹਿਛੰਦ,#ਸਵਾ ਲਾਖ ਹੈ ਸੰਖ੍ਯਾ ਯਾਂਕੀ ਵਦਤ ਮੁਨੀ ਜਨ ਛੰਦ,#ਤਾਂਕੋ ਸਾਰ ਕਾਢਕੈ ਬਰਣਾ ਮੰਗਲਚਰਣ ਸੁਛੰਦ,#ਸਵਾ ਲਾਖ ਛੰਦਨ ਕੋ ਸਾਰੰ ਤ੍ਰੈ ਸਹਸ੍ਰ ਸ਼ਤ ਛੰਦ."#ਇਸ ਵਿੱਚ ਇਹ ਭੀ ਲੇਖ ਹੈ ਕਿ ਸਰਬਲੋਹ ਅਤੇ ਬ੍ਰਿਜਨਾਦ ਦਾਨਵ ਦਾ ਇਹ ਜੰਗ ਨਹੀਂ, ਕਿੰਤੂ ਵਿਵੇਕ ਅਤੇ ਮੋਹ ਦਾ ਸੰਗ੍ਰਾਮ ਹੈ. ਯਥਾ- "ਨ੍ਰਿਪ ਬਿਬੇਕ ਅਬਿਬੇਕ ਸੇਨਾਨੀ ਭਟ ਪ੍ਰਧਾਨ ਮੰਤ੍ਰੀ ਧੁਜਨੀ."#ਸਰਬਲੋਹ ਵਿੱਚ ਬਿਨਾ ਹੀ ਪ੍ਰਕਰਣ ਖਾਲਸਾ- ਧਰਮ ਸੰਬੰਧੀ ਭੀ ਕਈ ਲੇਖ ਆਏ ਹਨ. ਯਥਾ- "ਗੁਰੁਗਾਦੀ ਪਾਤਸ਼ਾਹੀ ੧੦"- "ਖਾਲਸਾ ਪ੍ਰਕਾਸ਼" ਅਤੇ "ਬਖਸ਼ਿਸ ਹਜੂਰ" ਸਿਰਲੇਖਾਂ ਹੇਠ ਲਿਖਿਆ ਹੈ-#"ਭ੍ਯੋ ਨਿਸਤਾਰ ਤ੍ਰਾਸ ਅਸੁਰਨ ਤੇ#ਤਾਰਲਿਖੋ ਗੁਰੁ ਜਗਤ ਸਬੈ,#ਸ਼ਾਹ ਗੋਬਿੰਦ ਫਤਹ ਸਤਿਗੁਰੁ ਕੀ#ਵਾਹਗੁਰੂ ਸੁਚਿਮੰਤ੍ਰ ਅਖੈ." xxx#"ਪੰਥ ਖਾਲਸਾ ਭਯੋ ਪੁਨੀਤਾ#ਪ੍ਰਭੁ ਆਗ੍ਯਾ ਕਰ ਉਦਤਿ ਭਏ,#ਮਿਟਿਓ ਦ੍ਵੈਤ ਉਪਾਧੀ ਜਗ ਕੀ#ਅਸੁਰ ਮਲੇਛਨ ਮੂਲ ਗਏ,#ਧਰਮੀ ਪੰਥ ਖਾਲਸਾ ਪ੍ਰਚੁਰ੍ਯੋ#ਸਤ੍ਯਰੂਪ ਪੁਨਿਰੂਪ ਜਯੇ,#ਕੱਛ ਕੇਸ ਕਿਰਪਾਨ ਤ੍ਰਿਮੁਦ੍ਰਾ#ਗੁਰੁਭਗਤਾ ਰਾਮਦਾਸ ਭਯੇ,#ਅਕਾਲਉਪਾਸਕ ਛਤ੍ਰੀਧਰਮਾ#ਰਣ ਕਟਿ ਕਸ ਪਰਧਾਨ ਅਏ,#ਤਾ ਮਹਿ ਪੰਚ ਚਾਲੀਸ ਪ੍ਰਧਾਨਾ#ਪੰਚਪ੍ਰਧਾਨ ਖਾਲਸਾ ਠਏ,#ਸਿੰਘ ਅਜੀਤ ਜੁਝਾਰ ਫਤਹਿ ਸਿੰਘ,#ਜੋਰਾਵਰ ਸਿੰਘ ਪਰਮ ਪ੍ਰਿਏ,#ਪੰਚਿਮ ਖਾਲਿਸ ਸਤਿਗੁਰੁ ਪੂਰਾ#ਜਿਨ ਇਹ ਪੰਤ ਸੁਪਥ ਪ੍ਰਗਟਏ." xxx#"ਗੁਰੂ ਅਪਨਪੌ ਖਾਲਸੇ ਦੀਨਾ,#ਦੁਤਿਯ ਰੂਪ ਸਤਿਗੁਰੁ ਗੁਰੁਗ੍ਰੰਥਾ,#ਬੋਲਨ ਸਤਿਗੁਰੁ ਸਬਦ ਸੰਭਾਖਨ#ਨਾਮ ਗੋਬਿੰਦ ਕੀਰਤਨ ਸੰਥਾ,#ਦ੍ਵਾਦਸ ਰੂਪ ਸਤਿਗੁਰੁ ਏ ਕਹੀਅਹਿ#ਦ੍ਵਾਦਸ ਰਵਿ ਪ੍ਰਗਟ੍ਯੋ ਹਰਿਸੰਤਾ,#ਦਾਸ ਗੋਬਿੰਦ ਫਤਹ ਸਤਿਗੁਰੁ ਕੀ#ਗ੍ਰੰਥ ਖਾਲਸਾ ਗੁਰੂ ਬਦੰਥਾ." xxx#ਪੰਡਿਤ ਤਾਰਾ ਸਿੰਘ ਜੀ ਦੀ ਖੋਜ ਅਨੁਸਾਰ ਸਰਬਲੋਹ ਗ੍ਰੰਥ ਭਾਈ ਸੁੱਖਾ ਸਿੰਘ ਦੀ ਰਚਨਾ ਹੈ, ਜੋ ਪਟਨੇ ਸਾਹਿਬ ਦਾ ਗ੍ਰੰਥੀ ਸੀ. ਉਸ ਨੇ ਪ੍ਰਗਟ ਕੀਤਾ ਕਿ ਮੈਨੂੰ ਇਹ ਗ੍ਰੰਥ ਜਗੰਨਾਥ ਦੀ ਝਾੜੀ ਵਿੱਚ ਰਹਿਣ ਵਾਲੇ ਇੱਕ ਅਵਧੂਤ ਉਦਾਸੀ ਤੋਂ ਮਿਲਿਆ ਹੈ, ਜੋ ਕਲਗੀਧਰ ਦੀ ਰਚਨਾ ਹੈ.#ਅਸੀਂ ਭੀ ਸਰਬਲੋਹ ਨੂੰ ਦਸ਼ਮੇਸ਼ ਦੀ ਰਚਨਾ ਮੰਨਣ ਲਈ ਤਿਆਰ ਨਹੀਂ, ਕਿਉਂਕਿ ਇਸ ਵਿੱਚ ਰੂਪਦੀਪ ਭਾਸਾ ਪਿੰਗਲ ਦਾ ਜਿਕਰ ਆਇਆ ਹੈ. ਰੂਪਦੀਪ ਦੀ ਰਚਨਾ ਸੰਮਤ ੧੭੭੬ ਵਿੱਚ ਹੋਈ ਹੈ, ਅਤੇ ਕਲਗੀਧਰ ਸੰਮਤ ੧੭੬੫ ਵਿੱਚ ਜੋਤੀਜੋਤਿ ਸਮਾਏ ਹਨ, ਅਤੇ ਜੇ ਇਹ ਗ੍ਰੰਥ ਅਮ੍ਰਿਤ ਸੰਸਕਾਰ ਤੋਂ ਪਹਿਲਾ ਹੈ, ਤਦ ਖਾਲਸੇ ਦਾ ਪ੍ਰਸੰਗ ਅਤੇ ਗ੍ਰੰਥ ਪੰਥ ਨੂੰ ਗੁਰੁਤਾ ਦਾ ਜਿਕਰ ਕਿਸ ਤਰਾਂ ਆ ਸਕਦਾ ਹੈ? ਜੇ ਅਮ੍ਰਿਤਸੰਸਕਾਰ ਤੋਂ ਪਿੱਛੋਂ ਦੀ ਰਚਨਾ ਹੈ, ਤਦ ਦਾਸ ਗੋਬਿੰਦ, ਸ਼ਾਹ ਗੋਬਿੰਦ ਆਦਿਕ ਨਾਮ ਕਿਉਂ?#ਇਹ ਗ੍ਰੰਥ ਭੀ ਅਞਾਣ ਲਿਖਾਰੀਆਂ ਦੀ ਅਨਗਹਲੀ ਨਾਲ ਉਤਨਾ ਹੀ ਅਸ਼ੁੱਧ ਹੈ ਜਿਤਨਾ ਕਿ ਦਸਮਗ੍ਰੰਥ. ਗਯੰਦ ਦੀ ਥਾਂ ਨਇੰਦ, ਓਪ ਦੀ ਥਾਂ ਵੋਪ, ਸ੍ਯਾਮਕਰਨ ਦੀ ਥਾਂ ਸਮਾਕਰਨ, ਤ੍ਰਿਭੰਗੀ ਦੀ ਥਾਂ ਤ੍ਰਿਕੁੰਗੀ, ਵਖਟਕਾਰ ਦੀ ਥਾਂ ਬਖਤਕਾਰ, ਨਿਦ੍ਰਾ ਦੀ ਥਾਂ ਨਿੰਧਾ ਆਦਿਕ ਸੈਂਕੜੇ ਪਾਠ ਵਿਗਾੜੇ ਹੋਏ ਹਨ.#ਭਾਈ ਧ੍ਯਾਨ ਸਿੰਘ ਸਾਹਿਬ ਕੱਟੂ (ਰਿਆਸਤ ਨਾਭਾ) ਨਿਵਾਸੀ ਮਹਾਤਮਾ ਨੇ ਦਸਮਗ੍ਰੰਥ ਵਿਚੋਂ ਚਰਿਤ੍ਰ ਕੱਢਕੇ ਸਰਬਲੋਹ ਸ਼ਾਮਿਲ ਕਰਕੇ ਇਕ ਬੀੜ ਤਿਆਰ ਕਰਾਈ ਸੀ, ਜਿਸ ਦਾ ਪ੍ਰਚਾਰ ਨਹੀਂ ਹੋਇਆ.
Source: Mahankosh