Definition
ਜੀਂਦ ਦਾ ਪ੍ਰਤਾਪੀ ਰਾਜਾ. ਸਰਦਾਰ ਕਰਮ ਸਿੰਘ ਬਜੀਦਪੁਰੀਏ ਦਾ ਪੁਤ੍ਰ, ਜੋ ਰਾਜਾ ਸੰਗਤਸਿੰਘ ਜੀਂਦਪਤਿ ਦੇ ਲਾਵਲਦ ਮਰਨ ਪੁਰ ਗੱਦੀ ਦਾ ਹੱਕਦਾਰ ਮੰਨਿਆ ਗਿਆ. ਇਹ ਫੱਗੁਣ ਬਦੀ ੨. ਸੰਮਤ ੧੮੯੩ (੧੮ ਮਾਰਚ ਸਨ ੧੮੩੭) ਨੂੰ ਜੀਂਦ ਦੀ ਗੱਦੀ ਤੇ ਬੈਠਾ. ਇਹ ਵੱਡਾ ਦਾਨਾ, ਦੁਰੰਦੇਸ਼ ਅਤੇ ਰਾਜਪ੍ਰਬੰਧ ਵਿੱਚ ਨਿਪੁਣ ਸੀ. ਲਹੌਰ ਰਾਜ ਨਾਲ ਸਨ ੧੮੪੫- ੪੬ ਦੇ ਅੰਗ੍ਰੇਜ਼ੀ ਜੰਗਾਂ ਵਿੱਚ ਇਸ ਨੇ ਸਰਕਾਰ ਬਰਤਾਨੀਆ ਦਾ ਸਾਥ ਦਿੱਤਾ. ਸਨ ੧੮੫੭ ਦੇ ਗਦਰ ਵੇਲੇ ਗਵਰਨਮੇਂਟ ਦੀ ਭਾਰੀ ਸਹਾਇਤਾ ਕੀਤੀ. ਦਿੱਲੀ ਫਤੇ ਕਰਨ ਸਮੇਂ ਰਾਜਾ ਸਰੂਪ ਸਿੰਘ ਆਪਣੀ ਫੌਜ ਸਮੇਤ ਮੌਜੂਦ ਸੀ. ਅੰਗ੍ਰੇਜ਼ੀ ਸਰਕਾਰ ਨੇ ਇਨ੍ਹਾਂ ਕਾਰਗੁਜ਼ਾਰੀਆਂ ਦੇ ਬਦਲੇ ਰਾਜਾ ਜੀ ਦਾ ਵਡਾ ਸਨਮਾਨ ਕੀਤਾ ਅਤੇ ਨਵਾਬ ਝੱਜਰ ਦੇ ਜਬਤ ਕੀਤੇ ਇਲਾਕੇ ਵਿੱਚੋਂ ਦਾਦਰੀ ਦਾ ਪਰਗਨਾ ਜੀਂਦ ਰਾਜ ਨਾਲ ਮਿਲਾ ਦਿੱਤਾ. ਗੁਰੁਦ੍ਵਾਰਾ ਸੀਸਗੰਜ ਦਿੱਲੀ ਦੇ ਪਾਸ ਦੀ ਮਸੀਤ ਸਰਕਾਰ ਅੰਗਰੇਜ਼ੀ ਤੋਂ ਲੈ ਕੇ ਜੋ ਗੁਰੁਦ੍ਵਾਰੇ ਦੀ ਸੇਵਾ ਰਾਜਾ ਸਰੂਪ ਸਿੰਘ ਨੇ ਕੀਤੀ ਹੈ, ਉਹ ਸਿੱਖ ਇਤਿਹਾਸ ਵਿੱਚ ਸਦਾ ਕਾਇਮ ਰਹੇਗੀ. ਰਾਜਾ ਸਰੂਪ ਸਿੰਘ ਦਾ ੨੬ ਜਨਵਰੀ ਸਨ ੧੮੬੪ ਨੂੰ ਇਕਵੰਜਾ ਵਰ੍ਹੇ ਦੀ ਉਮਰ ਵਿੱਚ ਬਜੀਦਪੁਰ ਦੇਹਾਂਤ ਹੋਇਆ। ੨. ਦੇਖੋ, ਸਰੂਪ ਸਿੰਘ ਬਾਬਾ.
Source: Mahankosh