Definition
ਦੇਖੋ, ਪੰਜ ਪਯਾਰੇ। ੨. ਦੇਖੋ, ਸੌ ਸਾਖੀ। ੩. ਰਾਣੀ ਰਾਜਕੌਰ ਦੇ ਉਦਰ ਤੋਂ ਰਾਜਾ ਅਮਰ ਸਿੰਘ ਜੀ ਪਟਿਆਲਾਪਤਿ ਦਾ ਪੁਤ੍ਰ, ਜਿਸ ਦਾ ਜਨਮ ਭਾਦੋਂ ਬਦੀ ੧੫. ਸੰਮਤ ੧੮੩੦ (ਸਨ ੧੭੭੪ ਨੂੰ ਹੋਇਆ. ਇਹ ਪਿਤਾ ਦੇ ਪਰਲੋਕ ਜਾਣ ਪਿੱਛੋਂ ਛੀ ਵਰ੍ਹੇ ਦੀ ਉਮਰ ਵਿੱਚ ਪਟਿਆਲੇ ਦੀ ਗੱਦੀ ਤੇ ਬੈਠਾ. ਰਾਜਾ ਸਾਹਿਬ ਸਿੰਘ ਜੀ ਦੀ ਸ਼ਾਦੀ ਭੰਗੀਆਂ ਦੀ ਮਿਸਲ ਦੇ ਰਤਨ ਸਰਦਾਰ ਗੰਡਾ ਸਿੰਘ ਦੀ ਸੁਪੁਤ੍ਰੀ ਰਤਨ ਕੌਰ ਨਾਲ ਸੰਮਤ ੧੮੪੪ (ਸਨ ੧੭੮੭) ਵਿੱਚ ਵਡੀ ਧੂਮ ਧਾਮ ਨਾਲ ਅਮ੍ਰਿਤਸਰ ਹੋਈ ਸੀ. ਰਾਜਾ ਸਾਹਿਬ ਸਿੰਘ ਬਹੁਤ ਸਿੱਧੇ ਸੁਭਾਉ ਦਾ ਅਤੇ ਲਾਈਲੱਗ ਸੀ. ਇਸ ਦੀ ਹੁਕੂਮਤ ਸਮੇਂ ਰਾਣੀ ਹੁਕਮਾਂ ਅਤੇ ਦੀਵਾਨ ਨਾਨੂ ਮੱਲ ਰਾਜ ਕਾਜ ਚਲਾਉਂਦੇ ਰਹੇ. ਬੀਬੀ ਸਾਹਿਬ ਕੌਰ ਰਾਜੇ ਦੀ ਵੱਡੀ ਭੈਣ ਨੇ ਭੀ ਰਾਜ ਦੀ ਰਖ੍ਯਾ ਅਤੇ ਪ੍ਰਬੰਧ ਵਿੱਚ ਭਾਰੀ ਹਿੱਸਾ ਲਿਆ. ਰਾਜਾ ਸਾਹਿਬ ਸਿੰਘ ਦਾ ਦੇਹਾਂਤ ਚੇਤ ਬਦੀ ੯. ਸੰਮਤ ੧੮੬੯ (੨੬ ਮਾਰਚ ਸਨ ੧੮੧੩) ਨੂੰ ਹੋਇਆ। ੪. ਵੇਦੀ ਵੰਸ਼ ਦੇ ਰਤਨ ਬਾਬਾ ਕਲਾਧਾਰੀ ਜੀ ਦੇ ਸੁਪੁਤ੍ਰ ਅਜੀਤ ਸਿੰਘ ਜੀ ਦੇ ਘਰ ਮਾਤਾ ਸਰੂਪਦੇਵੀ ਜੀ ਦੀ ਕੁੱਖ ਤੋਂ ਸੰਮਤ ੧੮੧੩ ਵਿੱਚ ਬਾਬਾ ਸਾਹਿਬ ਸਿੰਘ ਜੀ ਦਾ ਜਨਮ ਹੋਇਆ. ਇਹ ਵਡੇ ਕਰਣੀ ਵਾਲੇ ਅਤੇ ਗੁਰੁਮਤ ਦੇ ਪ੍ਰਚਾਰਕ ਹੋਏ ਹਨ. ਇਨ੍ਹਾਂ ਨੇ ਪਰਾਕ੍ਰਮ ਨਾਲ ਬਹੁਤ ਇਲਾਕਾ ਆਪਣੇ ਕਬਜੇ ਕਰ ਲਿਆ ਅਰ ਰਾਜਧਾਨੀ ਊਨਾ ਥਾਪੀ. ਬਾਬਾ ਜੀ ਦਾ ਲੰਗਰ ਸਭ ਲਈ ਹਰ ਵੇਲੇ ਵਰਤਦਾ ਰਹਿੰਦਾ ਅਤੇ ਕਥਾ ਕੀਰਤਨ ਦਾ ਅਖੰਡ ਪ੍ਰਚਾਰ ਹੁੰਦਾ. ਬਾਬਾ ਜੀ ਦਾ ਦੇਹਾਂਤ ਹਾੜ ਸੁਦੀ ੧੩. ਸੰਮਤ ੧੮੯੧ ਨੂੰ ਊਨੇ ਹੋਇਆ. ਦੇਖੋ, ਊਨਾ ਅਤੇ ਵੇਦੀ ਵੰਸ਼.
Source: Mahankosh