Definition
ਫ਼ਾ. [شاہ عالم] ਸ਼ਾਹ ਆ਼ਲਮ. ਵਿ- ਸੰਸਾਰ ਦਾ ਸ੍ਵਾਮੀ. ਜਹਾਨ ਦਾ ਬਾਦਸ਼ਾਹ. "ਖਖੈ ਖੁੰਦਕਾਰ ਸਾਹ ਆਲਮ." (ਆਸਾ ਪਟੀ ਮਃ ੧) ੨. ਔਰੰਗਜ਼ੇਬ ਦਾ ਪੁਤ੍ਰ ਮੁਅ਼ੱਜਮ (ਬਹਾਦੁਰ ਸ਼ਾਹ). ਦੇਖੋ, ਬਹਾਦੁਰ ਸ਼ਾਹ। ੩. ਦਿੱਲੀ ਦਾ ਨਾਉਂਮਾਤ੍ਰ (ਮੁਗਲ) ਬਾਦਸ਼ਾਹ, ਜਿਸਦਾ ਅਸਲ ਨਾਉਂ ਅਲੀ ਗੌਹਰ ਸੀ. ਇਹ ਅਕਤੂਬਰ ਸਨ ੧੭੬੦ ਵਿੱਚ ਤਖਤ ਤੇ ਬੈਠਾ. ਇਸੇ ਨੇ ਸਨ ੧੭੬੫ ਵਿੱਚ ਅੰਗ੍ਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦੇ ਅਧਿਕਾਰ ਦਿੱਤੇ ਸਨ. ਇਸ ਪਿੱਛੋਂ ਇਹ ਸਰਕਾਰ ਅੰਗ੍ਰੇਜੀ ਦਾ ਵਜ਼ੀਫ਼ੇਖ੍ਵਾਰ ਹੋਗਿਆ. ਫੇਰ ਮਰਹਟਿਆਂ ਨੇ ਕਾਬੂ ਕਰਲਿਆ. ਅਗਸਤ ਸਨ ੧੭੮੮ ਵਿੱਚ ਗੁਲਾਮ ਕਾਦਿਰ ਰੁਹੇਲੇ ਦੇ ਹੱਥ ਚੜ੍ਹ ਗਿਆ. ਉਸ ਨੇ ਅਜਿਹੀ ਬਦਸਲੂਕੀ ਕੀਤੀ ਕਿ ਇਸ ਦੀਆਂ ਅੱਖਾਂ ਕੱਢ ਦਿੱਤੀਆਂ ਅਰ ਨਾਉਂਮਾਤ੍ਰ ਦਿੱਲੀ ਦਾ ਬਾਦਸ਼ਾਹ ਰਿਹਾ. ੧੯. ਨਵੰਬਰ ਸਨ ੧੮੦੬ ਨੂੰ ਇਸ ਦਾ ਦੇਹਾਂਤ ਹੋਇਆ.
Source: Mahankosh