ਸਿਆਲਕੋਟ
siaalakota/siālakota

Definition

ਪੰਜਾਬ ਦੇ ਉੱਤਰ ਪੂਰਵ ਵੱਲ ਇੱਕ ਸ਼ਹਿਰ, ਜਿਸ ਥਾਂ ਅੰਗ੍ਰੇਜੀ ਛਾਵਨੀ ਹੈ. ਇਸ ਨੂੰ ਸਾਲਿਵਾਹਨ ਦਾ ਵਸਾਇਆ ਦਸਦੇ ਹਨ. ਦੇਖੋ, ਸਾਲਿਬਾਹਨ. ਕਈ ਲੇਖਕਾਂ ਨੇ ਇਸ ਦਾ ਨਾਉਂ "ਸ਼ਾਕਲ" ਲਿਖਿਆ ਹੈ. ਬਹੁਤੇ ਇਸ ਨੂੰ ਰਾਜਾ ਸ਼ਾਲ੍ਵ ਦਾ ਵਸਾਇਆ "ਸ਼ਾਲ੍ਵਕੋਟ" ਆਖਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਅਸਥਾਨ ਹਨ- ਇੱਕ ਬੇਰ ਸਾਹਿਬ. ਇਸ ਬੇਰੀ ਹੇਠ ਜਗਤਗੁਰੂ ਵਿਰਾਜੇ ਹਨ. ਹੁਣ ਇਹ ਗੁਰੁਦ੍ਵਾਰਾ ਬਹੁਤ ਸੁੰਦਰ ਬਣਿਆ ਹੋਇਆ ਹੈ. ਦੇਖੋ, ਬੇਰ ਸਾਹਿਬ.#ਦੂਜਾ ਪਵਿਤ੍ਰ ਅਸਥਾਨ ਬਾਵਲੀ ਸਾਹਿਬ ਹੈ ਇਹ ਮੂਲੇ ਦੇ ਘਰ ਬਣਾਈ ਗਈ ਹੈ. ਦੇਖੋ, ਮੂਲਾ.#ਪੁਰਾਣੇ ਸਮੇਂ ਸਿਆਲਕੋਟ ਵਿੱਚ ਕਾਗਜ਼ ਬਹੁਤ ਚੰਗਾ ਬਣਦਾ ਸੀ, ਜਿਸ ਦਾ ਪ੍ਰਸਿੱਧ ਨਾਉਂ ਸਿਆਲਕੋਟੀ ਕਾਗਜ਼ ਸੀ. ਇਹ ਕਸ਼ਮੀਰੀ ਕਾਗਜ਼ ਤੋਂ ਦੂਜੇ ਦਰਜੇ ਸਮਝਿਆ ਜਾਂਦਾ ਸੀ. ਸਿਆਲਕੋਟੀ ਕਾਗਜ਼ ਤੇ ਲਿਖੇ ਬਹੁਤ ਗ੍ਰੰਥ ਹੁਣ ਵੇਖੀਦੇ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਦੀਆਂ ਬੀੜਾਂ ੧੦੦ ਵਿੱਚੋਂ ਸੱਠ ਸਿਆਲਕੋਟੀ ਕਾਗਜ ਤੇ ਹਨ.
Source: Mahankosh