Definition
ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਈ ਬੰਨੋ ਦੀ ਬੀੜ ਦੇ ਪਿੱਛੇ ਕਿਸੇ ਲਿਖਾਰੀ ਨੇ ਸ੍ਯਾਹੀ ਬਣਾਉਣ ਦੀ ਜੁਗਤਿ ਲਿਖੀ ਹੈ. ਜੋ "ਮੱਖੀ ਤੇ ਮੱਖੀ ਮਾਰਨੀ" ਨ੍ਯਾਯ ਅਨੁਸਾਰ ਹਰੇਕ ਨਕਲ ਵਿੱਚ ਲਿਖੀ ਗਈ, ਬਲਕਿ ਕਈ ਅਗ੍ਯਾਨੀ ਇਸ ਦਾ ਪਾਠ ਕੀਤੇ ਬਿਨਾ ਪਾਠ ਦਾ ਭੋਗ ਨਹੀਂ ਪਾ ਸਕਦੇ. ਨੁਸਖਾ ਇਹ ਹੈ-#"ਕਜਲ ਵਜਨ ਸਿਰਸਾਹੀ ੧. ਬੋਲੁ¹ ਸਰਸਾਹੀ ੨, ਸਰਸਾਹੀ ਦੁਇ ਗੂੰਦ ਕਿਕਰ ਕਾ, ਇਕ ਰਤੀ ਲਾਜਵਰਦ, ਇਕ ਰਤੀ ਸੁਇਨਾ, ਬਿਜੈਸਾਰ² ਕਾ ਪਾਣੀ, ਤਾਮੇ ਕਾ ਭਾਂਡਾ, ਨਿੰਮ ਕੀ ਲਕੜੀ, ਦੂਰ ਕਾ ਕਜਲੁ ਰਵਾਲ ਰੱਖਣੀ,³ ਦਿਨ ਵੀਹ ਘਸਣੀ."#ਪੁਰਾਣੇ ਲਿਖਾਰੀ ਇਸ ਵਿਧਿ ਨਾਲ ਸਿਆਹੀ ਬਣਾਇਆ ਕਰਦੇ ਸਨ. ਖ਼ਾਸ ਕਰਕੇ ਅੱਡਣਸ਼ਾਹੀ ਸਿੱਖ ਇਸ ਦਾ ਵਪਾਰ ਕਰਦੇ ਸਨ, ਜਿਸ ਕਾਰਣ "ਅੱਡਣਸ਼ਾਹੀ ਸਿਆਹੀ" ਸੰਗ੍ਯਾ ਹੋ ਗਈ ਸੀ.
Source: Mahankosh