Definition
ਸੰ. शिखण्डिन ਸ਼ਿਖੰਡਿਨ੍. ਵਿ- ਚੋਟੀ ਵਾਲਾ। ੨. ਸੰਗ੍ਯਾ- ਮੋਰ। ੩. ਫੰਘਾਂ ਵਾਲਾ ਤੀਰ। ੪. ਮੁਰਗਾ। ੫. ਵੇਲਿ. ਲਤਾ. "ਘਟੰਤ ਬਸੁਧਾ ਗਿਰਿ ਤਰੁ ਸਿਖੰਡੰ." (ਸਹਸ ਮਃ ੫) ੬. ਕਾਸ਼ੀ ਦੇ ਰਾਜੇ ਦੀ ਪੁਤ੍ਰੀ ਅੰਬਾ, ਜਿਸ ਨੂੰ ਭੀਸਮ- ਪਿਤਾਮਾ ਜਿੱਤਕੇ ਆਪਣੇ ਭਾਈ ਵਿਚਿਤ੍ਰਵੀਰਯ ਲਈ ਲਿਆਇਆ ਸੀ, ਪਰ ਅੰਬਾ ਨੇ ਉਸ ਨੂੰ ਵਰਨਾ ਨਾ ਚਾਹਿਆ ਕਿਉਂਕਿ ਉਹ ਸ਼ਾਲ੍ਵ ਨੂੰ ਮਨੋ ਪਤੀ ਧਾਰ ਚੁਕੀ ਸੀ. ਦੇਖੋ, ਅੰਬਾ.#ਅੰਬਾ ਨੇ ਬਿਨਾ ਪਤੀ ਦੁੱਖ ਵਿੱਚ ਉਮਰ ਵਿਤਾਈ. ਭੀਸਮ ਤੋਂ ਬਦਲਾ ਲੈਣ ਲਈ ਇਹ ਰਾਜਾ ਦ੍ਰੁਪਦ ਦੀ ਪੁਤ੍ਰੀ ਹੋਕੇ ਜਨਮੀ, ਅਰ ਇੱਕ ਯਕ੍ਸ਼੍ ਦੀ ਕ੍ਰਿਪਾ ਕਰਕੇ ਆਦਮੀ ਦੀ ਸ਼ਕਲ ਵਿੱਚ ਪਲਟੀ ਗਈ ਅਤੇ ਨਾਉਂ ਸ਼ਿਖੰਡੀ ਹੋਇਆ. ਜਦ ਕੁਰੁਛੇਤ੍ਰ ਦੇ ਜੰਗ ਵਿੱਚ ਭੀਸਮ ਅਰਜੁਨ ਦੇ ਮੁਕਾਬਲੇ ਆਇਆ ਤਦ ਸ਼ਿਖੰਡੀ ਅਰਜੁਨ ਦੇ ਅਗੇ ਆ ਖਲੋਤਾ. ਭੀਸਮ ਨੇ ਉਸ ਨੂੰ ਆਪਣੀ ਭਰਜਾਈ ਜਾਣਕੇ ਵਾਰ ਨਾ ਕੀਤਾ. ਇਤਨੇ ਵਿੱਚ ਅਰਜੁਨ ਨੇ ਭੀਸਮ ਨੂੰ ਤੀਰਾਂ ਨਾਲ ਪਰੋ ਦਿੱਤਾ. ਜਿਸ ਤੀਰ ਨਾਲ ਭੀਸਮਪਿਤਾਮਾ ਰਣ ਵਿੱਚ ਡਿੱਗਾ ਉਹ ਸ਼ਿਖੰਡੀ ਦਾ ਹੀ ਚਲਾਇਆ ਹੋਇਆ ਸੀ.
Source: Mahankosh