Definition
ਸ਼ਿਵ (ਕਰਤਾਰ) ਨੇ. "ਸਿਵਿ ਸਕਤਿ ਮਿਟਾਈਆ." (ਗਉ ਮਃ ੩) ਮਾਇਆ ਮਿਟਾ ਦਿੱਤੀ। ੨. ਸੰ. शिवि¹ ਗਾਂਧਾਰ (ਗੰਧਾਰ) ਦੇ ਰਾਜਾ ਉਸ਼ੀਨਰ ਦਾ ਪੁਤ੍ਰ. ਮਹਾਭਾਰਤ ਵਿੱਚ ਇਸ ਦੀ ਦਯਾ ਅਤੇ ਦਾਨ ਬਾਬਤ ਲਿਖਿਆ ਹੈ ਕਿ ਇੰਦ੍ਰ ਬਾਜ਼ ਅਤੇ ਅਗਨੀ ਕਬੂਤਰ ਬਣਕੇ ਸ਼ਿਵਿ ਪਾਸ ਪਹੁੰਚੇ. ਕਬੂਤਰ ਰਾਜੇ ਦੀ ਗੋਦੀ ਵਿੱਚ ਲੁਕ ਗਿਆ, ਬਾਜ ਨੇ ਆਖਿਆ ਮੇਰਾ ਸ਼ਿਕਾਰ ਦੇਹ, ਮੈ ਭੁੱਖਾ ਮਰਦਾ ਹਾਂ. ਰਾਜੇ ਨੇ ਸ਼ਰਣਾਗਤ ਨੂੰ ਦੇਣਾ ਪਾਪ ਸਮਝਿਆ ਅਰ ਬਾਜ ਨੂੰ ਹੋਰ ਮਾਸ ਲੈਣ ਲਈ ਆਖਿਆ. ਬਾਜ ਨੇ ਕਿਹਾ ਤੂੰ ਆਪਣੇ ਸ਼ਰੀਰ ਦਾ ਮਾਸ ਕਬੂਤਰ ਬਰਾਬਰ ਦੇਹ. ਰਾਜੇ ਨੇ ਤਾਰਜ਼ੂ ਵਿੱਚ ਕਬੂਤਰ ਰੱਖਕੇ ਸ਼ਰੀਰ ਦਾ ਮਾਸ ਤੋਲਣਾ ਸ਼ੁਰੂ ਕੀਤਾ ਪਰ ਕਬੂਤਰ ਭਾਰੀ ਹੀ ਰਿਹਾ. ਅੰਤ ਨੂੰ ਰਾਜਾ ਆਪ ਤੱਕੜੀ ਵਿੱਚ ਚੜ੍ਹ ਬੈਠਾ. ਇਸ ਪਰ ਇੰਦ੍ਰ ਅਤੇ ਅਗਨੀ ਪ੍ਰਸੰਨ ਹੋਕੇ ਲੋਪ ਹੋ ਗਏ.²#ਹੋਰ ਕਥਾ ਹੈ ਕਿ ਵਿਸਨੁ ਭੁੱਖੇ ਬ੍ਰਾਹਮਣ ਦਾ ਰੂਪ ਧਾਰਕੇ ਆਇਆ. ਰਾਜੇ ਨੇ ਭੋਜਨ ਕਰਾਉਣਾ ਚਾਹਿਆ. ਪਰ ਬ੍ਰਾਹਮਣ ਨੇ ਆਖਿਆ ਕਿ ਮੈਂ ਕੇਵਲ ਤੇਰੇ ਪੁਤ੍ਰ ਦਾ ਮਾਸ ਖਾਵਾਂਗਾ. ਰਾਜੇ ਨੇ ਐਸਾ ਹੀ ਕੀਤਾ, ਜਦ ਮਾਸ ਤਿਆਰ ਹੋਇਆ ਤਦ ਬ੍ਰਾਹਮਣ ਨੇ ਆਖਿਆ ਕਿ ਪਹਿਲੇ ਤੂੰ ਖਾਹ ਫੇਰ ਮੈਂ ਖਾਵਾਂਗਾ, ਜਦ ਰਾਜਾ ਪੁਤ੍ਰ, ਦਾ ਮਾਸ ਖਾਣ ਲੱਗਾ, ਤਦ ਵਿਸਨੁ ਨੇ ਪ੍ਰਗਟ ਹੋ ਕੇ ਰਾਜੇ ਨੂੰ ਵਰਦਾਨ ਦੇ ਕੇ ਉਸ ਦੇ ਪੁਤ੍ਰ ਵ੍ਰਿਹਦਗਰਭ ਨੂੰ ਜਿੰਦਾ ਕਰ ਦਿੱਤਾ.
Source: Mahankosh