Definition
ਸੰ. ऋष्य श्रङ्गि ਰਿਸ਼੍ਯ ਸ਼੍ਰਿੰਗ. ਇੱਕ ਰਿਖੀ, ਜੋ ਪੁਰਾਣਾਂ ਅਤੇ ਰਾਮਾਇਣ ਅਨੁਸਾਰ ਸਿੰਗਾਂ ਵਾਲਾ ਸੀ. ਇੱਕ ਵਾਰ ਵਿਭਾਂਡਕ ਰਿਖੀ ਦਾ ਉਰਵਸ਼ੀ ਅਪਸਰਾ ਨੂੰ ਦੇਖਕੇ ਜਲ ਵਿੱਚ ਵੀਰਯ ਡਿਗ ਪਿਆ, ਜਿਸ ਨੂੰ ਇੱਕ ਮ੍ਰਿਗੀ ਪੀ ਗਈ. ਉਸ ਦੇ ਪੇਟ ਤੋਂ ਸਿੰਗੀ ਰਿਖੀ ਜਨਮਿਆ. ਇਹ ਪਿਤਾ ਦੇ ਹੀ ਆਸ਼੍ਰਮ ਰਹਿਕੇ ਬ੍ਰਹਮਚਰਯ ਧਾਰਦਾ ਹੋਇਆ ਵਿਦ੍ਯਾ ਪੜ੍ਹਦਾ ਰਿਹਾ.#ਇੱਕ ਵਾਰ ਅੰਗ ਦੇਸ਼ ਵਿੱਚ ਵਰਖਾ ਨਾ ਹੋਣ ਕਰਕੇ ਕਾਲ ਪੈ ਗਿਆ. ਦੇਸ਼ ਦੇ ਰਾਜੇ ਲੋਮਪਾਦ ਨੇ ਰਿਖੀਆਂ ਤੋਂ ਵਰਖਾ ਹੋਣ ਦਾ ਉਪਾਉ ਪੁੱਛਿਆ. ਸਭ ਨੇ ਆਖਿਆ ਕਿ ਸ਼੍ਰਿੰਗੀ ਰਿਖੀ ਦੇ ਦੇਸ਼ ਵਿੱਚ ਆਉਣ ਤੋਂ ਵਰਖਾ ਹੋਵੇਗੀ. ਰਾਜੇ ਨੇ ਰਿਖੀ ਨੂੰ ਬੁਲਾਉਣ ਲਈ ਵੇਸ਼੍ਯਾ ਭੇਜੀਆਂ, ਉਨ੍ਹਾਂ ਨੇ ਆਪਣੇ ਰੂਪ ਦੇ ਜਾਲ ਵਿੱਚ ਰਿਖੀ ਨੂੰ ਫਸਾਕੇ ਅੰਗ ਦੇਸ਼ ਲੈ ਆਂਦਾ. ਵਰਖਾ ਹੋਣ ਤੋਂ ਰਾਜਾ ਪ੍ਰਸੰਨ ਹੋਇਆ ਅਰ ਆਪਣੀ ਪਾਲਤੂ ਪੁਤ੍ਰੀ ਸ਼ਾਂਤਾ ਸਿੰਗੀ ਰਿਖੀ ਨੂੰ ਵਿਆਹ ਦਿੱਤੀ, ਜੋ ਅਸਲ ਵਿੱਚ ਰਾਜਾ ਦਸ਼ਰਥ ਦੀ ਪੁਤ੍ਰੀ ਸੀ.#ਸਿੰਗੀ ਰਿਖੀ ਨੇ ਰਾਜਾ ਦਸ਼ਰਥ ਦਾ "ਪੁਤ੍ਰੇਸ੍ਟਿ" ਯਗ੍ਯ ਕਰਾਇਆ ਸੀ, ਜਿਸ ਦੇ ਹਵਨ ਕੁੰਡ ਵਿਚੋਂ ਨਿਕਲੀ ਖੀਰ ਰਾਣੀਆਂ ਨੂੰ ਖਵਾਉਣ ਤੋਂ ਰਾਮ ਭਰਤ ਲਛਮਨ ਅਤੇ ਸ਼ਤ੍ਰੁਘਨ ਦਾ ਪੈਦਾ ਹੋਣਾ ਲਿਖਿਆ ਹੈ.
Source: Mahankosh