Definition
ਸੰਗ੍ਯਾ- ਅਮ੍ਰਿਤਧਾਰੀ ਸਿੰਘਾਂ ਦਾ ਸੁਧਾਰਕ ਜਥਾ. ਜਿਸ ਦਾ ਮਨੋਰਥ ਸਿੱਖਧਰਮ ਅਤੇ ਸਿੱਖ ਸਮਾਜ ਵਿੱਚ ਆਪਣੀਆਂ ਕੁਰੀਤੀਆਂ ਦੂਰ ਕਰਕੇ ਸਿੱਖ ਧਰਮ ਦੀ ਅਸਲੀ ਮਰਜਾਦਾ ਨੂੰ ਕਾਇਮ ਕਰਨਾ ਹੈ. ਸਭ ਤੋਂ ਪਹਿਲਾਂ ਧਰਮ ਅਤੇ ਵਿਦ੍ਯਾਪ੍ਰਚਾਰ ਲਈ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਜੀ ਵਿੱਚ ਮਜੀਠੀਆਂ ਦੇ ਬੁੰਗੇ ਸੰਮਤ ਨਾਨਕਸ਼ਾਹੀ ੪੦੪ (ਵਿਕ੍ਰਮੀ ੧੯੨੯) ਵਿੱਚ ਕਾਇਮ ਹੋਈ, ਜਿਸ ਦੇ ਪ੍ਰਧਾਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਸਨ. ਸਭਾ ਦੀ ਏਕਤ੍ਰਤਾ ਦਾ ਅਸਥਾਨ ਗੁਰੂ ਕਾ ਬਾਗ ਠਹਿਰਾਇਆ ਗਿਆ. ਫੇਰ ਸਨ ੧੮੭੯ (ਸੰਮਤ ੧੯੩੬) ਵਿੱਚ ਲਹੌਰ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਜਨਮ ਅਸਥਾਨ ਸਿੰਘ ਸਭਾ ਬਣੀ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਸਕਤ੍ਰ ਭਾਈ ਗੁਰੁਮੁਖ ਸਿੰਘ ਜੀ ਹੋਏ. ਇਨ੍ਹਾਂ ਸਿੰਘ ਸਭਾਵਾਂ ਦੇ ਉਪਦੇਸ਼ ਨਾਲ ਅਨੇਕ ਜਿਲਿਆਂ ਵਿੱਚ ਸਿੰਘ ਸਭਾਵਾਂ ਬਣ ਗਈਆਂ ਅਰ ਸਨ ੧੮੮੮ (ਸੰਮਤ ੧੯੪੬) ਵਿੱਚ ਲਹੌਰ ਖਾਲਸਾ ਦੀਵਾਨ ਦੀ ਰਚਨਾ ਹੋਈ. ਇਸ ਪਿੱਛੋਂ ੧੦. ਨਵੰਬਰ ਸਨ ੧੯੦੧ (ਸਾਲ ਗੁਰੂ ਨਾਨਕ ਸ਼ਾਹੀ ੪੩੨) ਨੂੰ ਸ਼ਿਰੋਮਣੀ ਸਿੰਘਾਂ ਦੀ ਇਕਤ੍ਰਤਾ ਰਾਮਗੜ੍ਹੀਆਂ ਦੇ ਬੁੰਗੇ ਹੋ ਕੇ ਅਮ੍ਰਿਤਸਰ ਜੀ ਵਿੱਚ ਨਵੇਂ ਖਾਲਸਾ ਦੀਵਾਨ ਦੀ ਨਿਉਂ ਰੱਖੀ ਗਈ, ਜਿਸਦਾ ਨਾਉਂ ਚੀਫ (Chief) ਖਾਲਸਾਦੀਵਾਨ ਹੋਇਆ, ਜਿਸ ਨੇ ਅਨੇਕ ਪੰਥ ਦੇ ਕਾਰਜ ਸਿੱਧ ਕੀਤੇ ਅਰ ਜਥਾਸ਼ਕਤਿ ਹੁਣ ਵੀ ਕਰ ਰਿਹਾ ਹੈ.
Source: Mahankosh